ਕਪੂਰਥਲਾ: ਬੀਤੇ ਸ਼ਨੀਵਾਰ ਨੂੰ ਲੰਦਨ 'ਚ ਹੋਏ ਕਤਲਕਾਂਡ 'ਚ ਕਪੂਰਥਲਾ ਦੇ ਪਿੰਡ ਸਰਾਏ ਜੱਟਾਂ ਦਾ ਇੱਕ ਨੌਜਵਾਨ ਵੀ ਮਾਰਿਆ ਗਿਆ। ਐਤਵਾਰ ਨੂੰ ਮਾਪਿਆਂ ਨੂੰ ਘਟਨਾ ਬਾਰੇ ਪਤਾ ਲੱਗਿਆ ਜਿਸ ਤੋਂ ਬਾਅਦ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਪੂਰੇ ਪਿੰਡ 'ਚ ਸੋਗ ਦੀ ਲਹਿਰ ਹੈ।
ਮਲਕੀਤ ਸਿੰਘ ਨਾਂਅ ਦਾ ਇਹ ਨੌਜਵਾਨ 15 ਸਾਲ ਪਹਿਲਾਂ ਇੰਗਲੈਂਡ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਲਈ ਗਿਆ ਸੀ। ਸ਼ਨੀਵਾਰ ਨੂੰ ਦੇਰ ਰਾਤ ਦੋ ਧਿਰਾਂ ਦੇ ਵਿੱਚ ਲੜਾਈ ਹੋ ਗਈ ਜਿਸ ਦੇ ਚੱਲਦੇ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਮਰਨ ਵਾਲਿਆਂ 'ਚ ਇੱਕ ਕਪੂਰਥਲਾ ਦਾ ਮਲਕੀਤ ਸਿੰਘ ਵੀ ਸ਼ਾਮਲ ਸੀ। ਇਸ ਘਟਨਾ 'ਚ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਆਈਆਂ ਹਨ ਤੇ ਉਹ ਜ਼ੇਰੇ ਇਲਾਜ ਹੈ।
ਮਲਕੀਤ ਸਿੰਘ ਦੇ ਪਰਿਵਾਰ 'ਚ ਉਸ ਦੀ ਮਾਂ ਤੇ ਦੋ ਭਰਾ ਹਨ। ਪਿੰਡ ਦੇ ਸਾਬਕਾ ਸਰਪੰਚ ਚਰਨਜੀਤ ਸਿੰਘ ਨੇ ਪਰਿਵਾਰ ਵੱਲੋਂ ਭਾਰਤ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਨੌਜਵਾਨ ਮਲਕੀਤ ਸਿੰਘ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਪਰਿਵਾਰ ਆਖ਼ਰੀ ਵਾਰ ਆਪਣੇ ਪੁੱਤਰ ਦਾ ਮੂੰਹ ਵੇਖ ਸਕੇ।