ਕਪੂਰਥਲਾ: ਮਹਿੰਗੇ ਨਿੰਬੂ ਅੱਜਕੱਲ੍ਹ ਖੂਬ ਚਰਚਾ ਚ ਬਣੇ ਹੋਏ ਹਨ। ਇਨ੍ਹਾਂ ਨਿੰਬੂਆਂ ਦੇ ਕਾਰਨ ਕਪੂਰਥਲਾ ਦੀ ਮਾਡਰਨ ਜੇਲ੍ਹ ਵੀ ਚਰਚਾ ’ਚ ਆ ਗਈ ਹੈ। ਦੱਸ ਦਈਏ ਕਿ ਮਹਿੰਗੇ ਨਿੰਬੂਆਂ ਦੇ ਕਾਰਨ ਜ਼ੇਲ੍ਹ ਸੁਪਰਡੈਂਟ ਗੁਰਨਾਮ ਲਾਲ ਨੂੰ ਜੇਲ੍ਹ ਮੰਤਰੀ ਹਰਜੋਤ ਬੈਂਸ ਦੇ ਹੁਕਮਾਂ ’ਤੇ ਏਡੀਜੀਪੀ ਜੇਲ੍ਹ ਵਰਿੰਦਰ ਕੁਮਾਰ ਸਸਪੈਂਡ ਕਰ ਦਿੱਤਾ ਗਿਆ ਹੈ।
ਇਹ ਹੈ ਪੂਰਾ ਮਾਮਲਾ: ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਨਿੰਬੂਆਂ ਦੀ ਕੀਮਤ 320 ਰੁਪਏ ਕਿੱਲੋ ਤੱਕ ਪਹੁੰਚ ਗਈ ਸੀ, ਉਨ੍ਹਾਂ ਦਿਨਾਂ ਵਿੱਚ ਹੀ ਕਪੂਰਥਲਾ ਜੇਲ੍ਹ ਦੇ ਸੁਪਰਡੈਂਟ ਵੱਲੋਂ ਜੇਲ੍ਹ ਦੇ ਰਾਸ਼ਨ ਵਿੱਚ 50 ਕਿਲੋ ਨਿੰਬੂ 200 ਰੁਪਏ ਕਿਲੋ ਦੇ ਹਿਸਾਬ ਨਾਲ ਹੀ ਮੰਗਵਾਏ ਗਏ। ਪਰ ਇਸ ਦੇ ਦੂਜੇ ਪਾਸੇ ਕੈਦੀਆਂ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਕਿ ਜੇਲ ਦੀ ਰਸੋਈ ਵਿਚ ਨਿੰਬੂਆਂ ਦਾ ਕੋਈ ਇਸਤੇਮਾਲ ਹੋਇਆ ਹੀ ਨਹੀਂ ਹੈ। ਇਸ ਤੋਂ ਬਾਅਦ ਜਦੋਂ ਇਹ ਮਾਮਲਾ ਜੇਲ੍ਹ ਮੰਤਰੀ ਹਰਜੋਤ ਬੈਂਸ਼ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਇਸ ਸਬੰਧ ’ਚ ਕਾਰਵਾਈ ਕਰਨ ਦੇ ਹੁਕਮ ਦਿੱਤੇ।
ਰਾਸ਼ਨ ਦੀ ਸਪਲਾਈ ’ਚ ਖਾਮੀਆਂ: ਇਸ ’ਤੇ ਕਾਰਵਾਈ ਕਰਦੇ ਹੋਏ ਏਡੀਜੀਪੀ ਜੇਲ੍ਹ ਵਰਿੰਦਰ ਕੁਮਾਰ ਵੱਲੋਂ ਡੀਆਈਜੀ ਨੂੰ ਹੁਕਮ ਦਿੱਤੇ ਗਏ ਕਿ ਉਹ ਜੇਲ੍ਹ ਵਿੱਚ ਜਾ ਕੇ ਪੂਰੇ ਮਾਮਲੇ ਦੀ ਜਾਂਚ ਕਰਨ। ਡੀਆਈਜੀ ਜੇਲ੍ਹ ਨੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਤਾਂ ਜੇਲ੍ਹ ਵਿੱਚ ਨਿੰਬੂਆਂ ਸਣੇ ਰਾਸ਼ਨ ਦੀ ਸਪਲਾਈ ਨੂੰ ਲੈ ਕੇ ਕਈ ਖਾਮੀਆਂ ਪਾਈਆਂ ਗਈਆਂ। ਜਿਸ ਤੋਂ ਬਾਅਦ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕਰ ਦਿੱਤਾ ਗਿਆ।
ਜਾਂਚ ’ਚ ਆਇਆ ਇਹ ਸਾਹਮਣੇ: ਮਾਮਲੇ ਚ ਕੀਤੀ ਗਈ ਜਾਂਚ ਵਿਚ ਇਹ ਪਾਇਆ ਗਿਆ ਕਿ ਜਿੰਨਾ 50 ਕਿਲੋ ਨਿੰਬੂਆਂ ਦੀ ਖ਼ਰੀਦ ਦੀ ਗੱਲ ਜੇਲ੍ਹ ਸੁਪਰਡੈਂਟ ਵੱਲੋਂ ਕਾਗਜ਼ਾਂ ਵਿਚ ਕਹੀ ਗਈ ਹੈ, ਦਰਅਸਲ ਉਹ ਨਿੰਬੂ ਖਰੀਦੇ ਹੀ ਰਹਿ ਗਏ। ਜਿਸ ਦੇ ਚੱਲਦੇ ਰਾਸ਼ਨ ਖਰੀਦ ਵਿੱਚ ਹੋਏ ਘਪਲੇ ਨੂੰ ਲੈ ਕੇ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕਰ ਦਿੱਤਾ ਗਿਆ।
ਦੱਸ ਦਈਏ ਕਿ ਮਹਿਕਮੇ ਵੱਲੋਂ ਬਣਾਏ ਗਏ ਜਾਂਚ ਪੈਨਲ ਵਿਚ ਨਾ ਸਿਰਫ਼ ਰਾਸ਼ਨ ਖ਼ਰੀਦ ਵਿੱਚ ਘਪਲਾ ਬਲਕਿ ਜ਼ੇਲ੍ਹ ਦੇ ਅੰਦਰ ਦਿੱਤੀ ਜਾਣ ਵਾਲੀ ਮੈਡੀਕਲ ਸੁਵਿਧਾ ਸਮੇਤ ਜੇਲ੍ਹ ਦੇ ਰੱਖ ਰਖਾਓ ਵਿੱਚ ਵੀ ਕਈ ਖਾਮੀਆਂ ਪਾਈਆਂ ਗਈਆਂ ਹਨ ਇਸ ਨੂੰ ਦੇਖਦੇ ਹੋਏ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ।