ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਮੁਹੱਲਾ ਦਰਜੀਆਂ ਵਿਖੇ ਬੀਤੀ ਰਾਤ ਘਰੇਲੂ ਵਿਵਾਦ ਨੂੰ ਲੈ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਘਰ ਵਿੱਚ ਦਾਖਲ ਹੋ ਕੇ ਪਰਿਵਾਰ ਉੱਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਅਮਰ ਕੰਡਾ ਪੁੱਤਰ ਚਰਨਦਾਸ ਕੰਡਾ ਨੇ ਦੱਸਿਆ ਕਿ ਬੀਤੀ ਰਾਤ ਮਾਮੂਲੀ ਗੱਲ ਨੂੰ ਲੈ ਕੇ ਉਸ ਦਾ ਭਰਜਾਈ ਨਾਲ ਦਰਵਾਜ਼ਾ ਖੋਲਣ ਨੂੰ ਲੈ ਕੇ ਵਿਵਾਦ ਹੋ ਗਿਆ।
ਅਣਪਛਾਤੇ ਹਮਲਾਵਰਾਂ ਨੇ ਕੀਤੀ ਕੁੱਟਮਾਰ: ਜਿਸ ਤੋਂ ਬਾਅਦ ਉਹਨਾਂ ਦੀ ਭਰਜਾਈ ਵੱਲੋਂ ਆਪਣੇ ਭਰਾ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ। ਪੀੜਤ ਅਮਨ ਨੇ ਦੱਸਿਆ ਕਿ ਉਸ ਦੀ ਭਰਜਾਈ ਦੇ ਫੋਨ ਤੋਂ ਬਾਅਦ ਭਰਜਾਈ ਦਾ ਭਰਾ ਕਈ ਅਣਪਛਾਤੇ ਹਮਲਾਵਰਾਂ ਨੂੰ ਨਾਲ ਲੈਕੇ ਉਸ ਦੇ ਘਰ ਵਿੱਚ ਦਾਖਲ ਹੋਇਆ ਅਤੇ ਆਉਂਦੇ ਸਾਰ ਹੀ ਉਹਨਾਂ ਨੇ ਸਾਡੇ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਪੀੜਤ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਮੇਰੀ ਪਤਨੀ ਪਰਵੀਨ ਅਤੇ ਮੇਰੇ ਜੀਜੇ ਕਮਲਜੀਤ ਨਾਲ ਕੁੱਟਮਾਰ ਕੀਤੀ।
ਹਮਲਾਵਰ ਸੋਨੇ ਦੀ ਚੈਨ ਖੋਹ ਕੇ ਫਰਾਰ ਹੋਏ: ਇਸ ਤੋਂ ਇਲਾਵਾ ਹਮਲਾਵਰਾਂ ਨੇ ਪੀੜਤ ਅਮਨ ਦੇ ਜੀਜੇ ਕਮਲਜੀਤ ਸਿੰਘ ਉੱਤੇ ਵੀ ਹਮਲਾ ਕਰ ਦਿੱਤਾ। ਇਸ ਦੌਰਾਨ ਝਗੜੇ ਵਿੱਚ ਕਮਲਜੀਤ ਸਿੰਘ ਦੀ ਪੱਗ ਵੀ ਲੱਥ ਗਈ। ਪੂਰੀ ਕੁੱਟਮਾਰ ਦੀ ਸਾਹਮਣੇ ਆਈ ਵੀਡੀਓ ਵਿੱਚ ਸਾਰਾ ਮਾਮਲਾ ਵੀ ਸਪੱਸ਼ਟ ਦਿਖਾਈ ਦੇ ਰਿਹਾ ਹੈ। ਪੀੜਤ ਅਮਰ ਕੰਡਾ ਦੱਸਿਆ ਕਿ ਹਮਲਾਵਰ ਉਸ ਦੀ ਪਤਨੀ ਦੇ ਕੋਲੋਂ ਮੰਗਲ ਸੂਤਰ ਅਤੇ ਉਸ ਦੇ ਕੋਲੋਂ ਇੱਕ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖਲ ਕਰਵਾਇਆ ਗਿਆ । ਉਨ੍ਹਾਂ ਦੱਸਿਆ ਕਿ ਮਾਮਲੇ ਦੇ ਸਬੰਧ ਵਿੱਚ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੂਰੇ ਮਾਮਲੇ ਸਬੰਧੀ ਜਦੋਂ ਦੂਜੇ ਪੱਖ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਪੀੜਤ ਧਿਰ ਨੇ ਜਾਨ ਨੂੰ ਖਤਰਾ ਦੱਸਦਿਆਂ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਹਮਲਾਵਰ ਗ੍ਰਿਫ਼ਤਾਰ ਕੀਤੇ ਜਾਣ।