ਕਪੂਰਥਲਾ: ਪੰਜਾਬ ਇੱਕ ਅਜਿਹਾ ਸੂਬਾ ਜਿਸ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ। ਇਸ ਧਰਤੀ ਉੱਤੇ ਬਹੁਤ ਸਾਰੇ ਗੁਰੂਆਂ ਪੀਰਾਂ ਫਕੀਰਾਂ ਨੇ ਜਨਮ ਲਿਆ। ਅਜਿਹੇ ਬਹੁਤ ਸਾਰੇ ਇਤਿਹਾਸ ਨੇ ਜੋ ਉਹਨਾਂ ਸਭ ਦੀ ਜੀਵਨੀ ਨਾਲ ਜੁੜੇ ਹੋਏ ਹਨ ਤਾਂ ਅੱਜ ਇਸੇ ਤਰ੍ਹਾਂ ਦੇ ਇੱਕ ਅਜਿਹੇ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਵਾਉਣ ਜਾ ਰਿਹਾ ਹਾਂ ਜਿਸਦੇ ਬਾਰੇ ਸ਼ਾਇਦ ਹੀ ਕੁਝ ਲੋਕਾਂ ਨੂੰ ਪਤਾ ਹੋਵੇ। ਅਸਲ ਵਿੱਚ ਇਹ ਇਤਿਹਾਸ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਕਸਬਾ ਡੱਲਾ ਸਾਹਿਬ ਨਾਲ ਜੁੜਿਆ ਹੋਇਆ ਹੈ, ਕਿਹਾ ਜਾਂਦਾ ਹੈ ਕਿ ਇੱਥੇ ਗੁਰੂਦੁਆਰਾ ਬਾਉਲੀ ਸਾਹਿਬ ਵਿਖੇ ਤੇਈਆ ਤਾਪ ਨੂੰ ਕੈਦ ਕਰ ਰੱਖਿਆ ਹੋਇਆ ਹੈ।
ਕਸਬਾ ਡੱਲਾ ਦਾ ਇਤਿਹਾਸ: ਇਤਿਹਾਸਕ ਨਗਰ ਡੱਲਾ ਕਪੂਰਥਲਾ ਜ਼ਿਲ੍ਹਾ ਦੀ ਤਹਿਸੀਲ ਸੁਲਤਾਨਪੁਰ ਲੋਧੀ 'ਚ ਹੈ ਜੋ ਕਿ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਚਾਰ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਪਿੰਡ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਭਾਈ ਲਾਲੂ ਜੀ, ਗੁਰਦੁਆਰਾ ਮਾਤਾ ਦਮੋਦਰੀ ਜੀ ਅਤੇ ਗੁਰਦੁਆਰਾ ਬਾਉਲੀ ਸਾਹਿਬ ਪਾਤਸ਼ਾਹੀ ਪੰਜਵੀਂ ਸੁਸ਼ੋਭਿਤ ਹਨ। ਡੱਲਾ ਨਗਰ ਵਿੱਚ 72 ਗੁਰਸਿੱਖ ਹੋਏ ਨੇ ਜਿਨ੍ਹਾਂ ਦਾ ਜ਼ਿਕਰ ਮਹਿਮਾ ਪ੍ਰਕਾਸ਼ ਗ੍ਰੰਥ ਵਿੱਚ ਵੀ ਆਉਂਦਾ ਹੈ।
ਗੁਰਦੁਆਰਾ ਬਾਉਲੀ ਸਾਹਿਬ: ਡੱਲੇ ਨਗਰ ਦੇ ਭਾਈ ਨਰਾਇਣ ਦਾਸ ਅਤੇ ਮਾਤਾ ਭਾਗਭਰੀ ਦੀ ਸਪੁੱਤਰੀ ਮਾਤਾ ਦਮੋਦਰੀ ਜੀ ਦਾ ਵਿਆਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ 22 ਭਾਦੋਂ ਸੰਮਤ 1661 ਨੂੰ ਹੋਇਆ। ਬਰਾਤ ਵਿੱਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ, ਭਾਈ ਬੈਹਲ ਜੀ ਸਮੇਤ ਕਈ ਗੁਰਸਿੱਖਾਂ ਨੇ ਹਾਜ਼ਰੀ ਭਰੀ। ਪਿੰਡ ਵਿੱਚ ਜੰਝ ਘਰ ਵੀ ਮੌਜੂਦ ਹੈ, ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਸਪੁੱਤਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬਰਾਤ ਨਾਲ ਠਹਿਰੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਗਤਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਇਸ ਅਸਥਾਨ 'ਤੇ ਬਾਉਲੀ ਦਾ ਟੱਪ ਲਗਾਇਆ ਤੇ ਬਾਉਲੀ ਬਣਾਉਣ ਦੀ ਸੇਵਾ ਭਾਈ ਸਾਲੋ ਜੀ ਨੂੰ ਸੌਂਪ ਕੇ ਇਸ ਨਗਰ ਨੂੰ ਤੀਰਥ ਬਣਾ ਦਿੱਤਾ ਜੋ ਅੱਜ ਗੁਰਦੁਆਰਾ ਬਾਉਲੀ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ।
ਭਾਈ ਪਾਰੋ ਜੀ ਪਰਮਹੰਸ ਕੌਣ ਸਨ: ਗੁਰਸਿੱਖੀ ਦੇ ਮੁੱਢ ਭਾਈ ਪਾਰੋ ਜੀ ਪਰਮਹੰਸ ਵੀ ਇਸੇ ਨਗਰ ਦੇ ਸਨ। ਇਸ ਪਿੰਡ ਵਿੱਚ ਪਰਮਹੰਸ ਭਾਈ ਪਾਰੋ ਜੀ ਗੁਰਮਤਿ ਸੰਗੀਤ ਕਲਾ ਕੇਂਦਰ ਸਥਾਪਤ ਹੈ। ਜਿੱਥੇ ਇਲਾਕੇ ਭਰ ਦੇ ਬੱਚਿਆਂ ਨੂੰ ਗੁਰਮਤਿ ਸੰਗੀਤ ਦੀ ਸਿੱਖਿਆ ਦਿੱਤੀ ਜਾਂਦੀ ਹੈ। ਭਾਈ ਪਾਰੋ ਜੀ ਦੀ ਬੇਨਤੀ 'ਤੇ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਨਗਰ ਵਿੱਚ ਤਿੰਨ ਵਾਰ ਚਰਨ ਪਾ ਕੇ ਭਾਈ ਲਾਲੂ ਜੀ, ਛੱਲੇ ਦੀ ਧਰਤੀ ਨੂੰ ਪਵਿੱਤਰ ਕੀਤਾ। ਸ੍ਰੀ ਗੁਰੂ ਅਮਰਦਾਸ ਜੀ ਵਲੋਂ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ 22 ਮੰਜੀਦਾਰ ਸਿੱਖ ਥਾਪੇ ਗਏ ਸਨ। ਜਿਨ੍ਹਾਂ ਵਿਚੋਂ ਚਾਰ ਗੁਰਸਿੱਖ ਪਰਮਹੰਸ ਭਾਈ ਪਾਰੋ ਜੀ, ਭਾਈ ਲਾਲੂ ਜੀ, ਭਾਈ ਖਾਨੂੰ ਛੁਰਾ ਜੀ ਅਤੇ ਸ਼ਾਹ ਅੱਲਾ ਯਾਰ ਖਾਂ ਇਸੇ ਨਗਰ ਨਾਲ ਸੰਬੰਧਿਤ ਸਨ।
ਸਿੱਖੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ: ਭਾਈ ਲਾਲੂ ਜੀ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਮਹਾਰਾਸ਼ਟਰ ਬੰਬਈ (ਮੁੰਬਈ ਕਾਠੀਆਵਾੜ ਦਾ ਇਲਾਕਾ), ਗੁਜਰਾਤ ਅਤੇ ਸਿੰਧ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲਈ ਭੇਜਿਆ।ਜਿੱਥੇ ਭਾਈ ਸਾਹਿਬ ਨੇ ਅਨੇਕਾਂ ਲੋਕਾਂ ਨੂੰ ਮੜੀਆਂ, ਮੱਠਾਂ ਅਤੇ ਕਬਰਾਂ ਦੀ ਪੂਜਾ ਤੋਂ ਵਰਜ ਕੇ ਗੁਰੂ ਸ਼ਬਦ ਦੇ ਲੜ ਲਾਇਆ। ਭਾਈ ਲਾਲੂ ਜੀ ਬੜੇ ਪ੍ਰਸਿੱਧ ਵੈਦ ਸਨ।ਗੁਰੂ ਜੀ ਨੇ ਉਸ ਵਕਤ ਦੀ ਭਿਆਨਕ ਬਿਮਾਰੀ ਤੇਈਏ ਤਾਪ (ਵਾਰੀ ਦਾ ਬੁਖਾਰ) ਨੂੰ ਆਪਣੇ ਕਾਬੂ 'ਚ ਕਰ ਲਿਆ ਸੀ ਭਾਈ ਲਾਲੂ ਜੀ ਦੇ ਜੱਦੀ ਘਰ ਵਾਲੀ ਥਾਂ 'ਤੇ ਡੱਲਾ ਨਗਰ ਵਿਖੇ ਆਲੀਸ਼ਾਨ ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਸੁਸ਼ੋਭਿਤ ਹੈ, ਜਿੱਥੇ ਹਰ ਸਾਲ ਅੱਸੂ ਮਹੀਨੇ ਦੀ ਮੱਸਿਆ ਨੂੰ ਧਾਰਮਿਕ ਜਥੇਬੰਦੀਆਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।