ਕਪੂਰਥਲਾ : ਜ਼ਿਲ੍ਹੇ ਦੇ ਮੁਹੱਲਾ ਸੰਤਪੁਰਾ ਇਲਾਕੇ ਵਿਖੇ ਗਰੀਬ ਪਰਿਵਾਰ ਦੇ ਘਰ ਵਿਚ ਕੁਝ ਨਕਾਬਪੋਸ਼ਾਂ ਨੇ ਵੜ ਕੇ ਕੁੜੀ ਨਾਲ ਕੁੱਟਮਾਰ ਕੀਤੀ ਅਤੇ ਬੇਹੋਸ਼ ਹਾਲਤ ਵਿਚ ਛੱਡ ਕੇ ਭੱਜ ਗਏ। ਜ਼ਖਮੀ ਅਤੇ ਬੇਹੋਸ਼ੀ ਦੀ ਹਾਲਤ ਵਿਚ ਪਈ ਕੁੜੀ ਨੂੰ ਇਲਾਜ ਲਈ ਉਸ ਦੇ ਮਾਤਾ-ਪਿਤਾ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਹੈ। ਪੀੜਤ ਪਰਿਵਾਰ ਦੇ ਮੁਤਾਬਿਕ ਕੁਝ ਮਹੀਨੇ ਪਹਿਲਾਂ ਮੁਹੱਲੇ ਦੇ ਅਵਾਰਾ ਕੁੱਤੇ ਦੇ ਬੱਚੇ ਨੂੰ ਮੁਹੱਲੇ ਤੋਂ ਬਾਹਰ ਛੱਡਣ ਨੂੰ ਲੈ ਕੇ ਉਨ੍ਹਾਂ ਦੇ ਗੁਆਂਢੀਆਂ ਨਾਲ ਵਿਵਾਦ ਹੋਇਆ ਸੀ। ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ ਪਰ ਉਨ੍ਹਾਂ ਨੇ ਦੁਸ਼ਮਣੀ ਕੱਢਣ ਲਈ ਘਰ ਵਿੱਚ ਦਾਖਲ ਹੋ ਕੇ ਉਨ੍ਹਾਂ ਦੀ ਕੁੜੀ ਉਤੇ ਜਾਨਲੇਵਾ ਹਮਲਾ ਕੀਤਾ ਹੈ। ਪੀੜਿਤ ਪਰਿਵਾਰ ਪ੍ਰਵਾਸੀ ਹੈ ਜੋ ਲੰਬੇ ਸਮੇਂ ਤੋਂ ਅੰਮ੍ਰਿਤ ਛੱਕ ਕੇ ਸਿੱਖ ਧਰਮ ਅਪਣਾ ਚੁੱਕਿਆ ਹੈ।
ਪੀੜਤ ਪਰਿਵਾਰ ਨੇ ਕਪੂਰਥਲਾ ਥਾਣਾ ਸਿਟੀ ਪੁਲੀਸ ਉਤੇ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਕਪੂਰਥਲਾ ਸਿਟੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਪਰ ਸਿਟੀ ਪੁਲਸ ਉਲਟਾ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਕੋਈ ਕਾਰਵਾਈ ਨਹੀਂ ਕੀਤੀ। ਉਲਟਾ ਉਨ੍ਹਾਂ ਨੂੰ ਨਸ਼ੇ ਦੇ ਝੂਠੇ ਕਾਰੋਬਾਰ ਕਰਨ ਦੇ ਮਾਮਲੇ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਤੋਂ ਬਾਅਦ ਪਰਿਵਾਰ ਨੇ ਪਾਰਟੀ ਏਕਤਾ ਪ੍ਰਧਾਨ ਅਤੇ ਜ਼ਿਲ੍ਹਾ ਕਪੂਰਥਲਾ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : Punjab BJP: ਪੰਜਾਬ ਅੰਦਰ ਜੜ੍ਹਾਂ ਮਜ਼ਬੂਤ ਕਰਨ 'ਚ ਲੱਗੀ ਭਾਜਪਾ, ਭਾਜਪਾ ਨੇ ਕਿਸਾਨ ਵਿੰਗ ਦਾ ਵੀ ਕੀਤਾ ਗਠਨ
ਦੂਜੇ ਪਾਸੇ ਏਕਤਾ ਪਾਰਟੀ ਪ੍ਰਧਾਨ ਗੁਰਮੀਤ ਲਾਲ ਬਿੱਟੂ ਨੇ ਜ਼ਿਲ੍ਹਾ ਕਪੂਰਥਲਾ ਪੁਲਿਸ ਦੀ ਕਾਰਜਪ੍ਰਣਾਲੀ ਉਤੇ ਕਈ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਕ ਪਾਸੇ ਜਿਥੇ ਪਰਿਵਾਰ ਦਾ ਪਹਿਲਾਂ ਹੀ ਹਮਲਾਵਰਾਂ ਨੇ ਨੁਕਸਾਨ ਕੀਤਾ ਹੈ, ਉਪਰੋਂ ਪੁਲਿਸ ਵੱਲੋਂ ਵੀ ਕੋਈ ਵੀ ਕਾਰਵਾਈ ਨਾ ਕਰਦਿਆਂ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾ ਕੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਇਹ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਕਾਰਵਾਈ ਕਰਦਿਆਂ ਪੀੜਤ ਪਰਿਵਾਰ ਦਾ ਮਾਮਲਾ ਨਾ ਦਰਜ ਕੀਤਾ ਤਾਂ ਉਨ੍ਹਾਂ ਵੱਲੋਂ ਧਰਨਾ ਲਾ ਕੇ ਥਾਣੇ ਦਾ ਘਿਰਾਓ ਕੀਤਾ ਜਾਵੇਗਾ।