ਕਪੂਰਥਲਾ : ਆਮ ਆਦਮੀ ਪਾਰਟੀ ਦੇ ਆਗੂ ਦੀ ਕਥਿਤ ਸ਼ਹਿ ਉੱਤੇ ਪੁਲਿਸ ਪ੍ਰਸਾਸ਼ਨ ਵੱਲੋਂ ਨੌਜਵਾਨਾਂ ਖਿਲਾਫ ਦਰਜ ਕੀਤਾ ਪਰਚਾ ਰੱਦ ਕਰਵਾਉਣ ਦੀ ਮੰਗ ਨੂੰ ਲੈਕੇ ਅੱਜ ਵੱਖ-ਵੱਖ ਪਿੰਡਾਂ ਦੇ ਲੋਕਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਅਹਿਮਦਪੁਰ ਛੰਨਾਂ ਵਿਖੇ ਰੋਸ ਪ੍ਰਦਰਸ਼ਨ ਕਰਕੇ ਪੁਲਿਸ ਪ੍ਰਸਾਸ਼ਨ ਅਤੇ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਕੀ ਹੈ ਮਾਮਲਾ : ਇਸ ਮੌਕੇ ਜਾਣਕਾਰੀ ਦਿੰਦੇ ਗੁਰਪ੍ਰੀਤ ਸਿੰਘ ਅਤੇ ਪਵਨਦੀਪ ਸਿੰਘ ਵਾਸੀ ਨਸੀਰੇਵਾਲ ਨੇ ਦੱਸਿਆ ਕਿ ਉਹ ਦੋਵੇਂ ਜਣੇ ਕਾਲਾ ਸੰਘਿਆਂ ਰੋਡ ਉੱਤੇ ਸਥਿਤ ਪਿੰਡ ਮੋਤੀਪੁਰ ਨੇੜੇ ਆਪਣੀ ਜ਼ਮੀਨ ਵਿੱਚ ਬੀਜੀ ਹੋਈ ਝੋਨੇ ਦੀ ਫ਼ਸਲ ਨੂੰ ਬਰਬਾਦ ਕਰ ਰਹੇ ਗਾਂ ਦੇ ਅਵਾਰਾ ਵੱਛਿਆਂ ਨੂੰ ਫੜ ਕੇ ਗਾਊਸ਼ਾਲਾ ਛੱਡਣ ਜਾ ਰਹੇ ਸਨ ਤਾਂ ਇੱਕ ਵੱਛਾ ਹੰਭ ਕੇ ਡਿੱਗ ਪਿਆ, ਜਿਸ ਨੂੰ ਉਹ ਚੁੱਕਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪੁਲਿਸ ਪਾਰਟੀ ਸਮੇਤ ਪੁੱਜੇ ਸੁਲਤਾਨਪੁਰ ਲੋਧੀ ਦੇ ਡੀਐੱਸਪੀ ਬਬਨਦੀਪ ਸਿੰਘ ਨੇ ਉਨ੍ਹਾਂ ਨੂੰ ਵੱਛਿਆਂ ਨੂੰ ਗੱਡੀ ਪਿੱਛੇ ਬੰਨ ਕੇ ਬੁਰੀ ਤਰ੍ਹਾਂ ਜਖਮੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦੋਵੇਂ ਵੱਛਿਆਂ ਨੂੰ ਸਰਕਾਰੀ ਗਾਊਸ਼ਾਲਾ ਕਮਾਲਪੁਰ ਵਿਖੇ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਆਗੂ ਮਨਜੀਤ ਸਿੰਘ ਦੀ ਕਥਿਤ ਸ਼ਹਿ ਤੇ ਉਨ੍ਹਾਂ ਉੱਪਰ ਪਰਚਾ ਦਰਜ ਕੀਤਾ ਗਿਆ ਹੈ। ਉਹਨਾਂ ਨੇ ਮਾਮਲੇ ਦੀ ਜਾਂਚ ਕਰਕੇ ਮਾਮਲੇ ਨੂੰ ਰੱਦ ਕਰਨ ਦੀ ਮੰਗ ਕੀਤੀ।
ਮੇਰੇ ਉੱਤੇ ਲਗਾਏ ਇਲਜ਼ਾਮ ਝੂਠੇ : ਇਸ ਸਬੰਧੀ ਆਮ ਆਦਮੀ ਪਾਰਟੀ ਦੇ ਆਗੂ ਮਨਜੀਤ ਸਿੰਘ ਨੇ ਕਿਹਾ ਕਿ ਮੇਰੇ ਉੱਤੇ ਲਗਾਏ ਜਾ ਰਹੇ ਦੋਸ਼ ਬਿਲਕੁਲ ਝੂਠੇ ਅਤੇ ਬੇਬੁਨਿਆਦ ਹਨ ਅਤੇ ਇਸ ਪਰਚੇ ਨਾਲ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਦਾ ਕੋਈ ਵਾਹ ਵਾਸਤਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਸਿਰਫ ਬਦਨਾਮ ਕਰਨ ਲਈ ਇਹ ਮੇਰਾ ਨਾਮ ਪ੍ਰਯੋਗ ਕਰ ਰਹੇ ਹਨ । ਜੋ ਕਾਰਵਾਈ ਕੀਤੀ ਹੈ ਉਹ ਡੀਐਸਪੀ ਸਾਹਿਬ ਮੌਕਾ ਦੇਖ ਕੇ ਕੀਤੀ ਹੈ।
ਇਸ ਮਾਮਲੇ ਸੰਬੰਧੀ ਜਦੋਂ ਐੱਸਐੱਚਓ ਸੁਲਤਾਨਪੁਰ ਲੋਧੀ ਲਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਵੱਲੋਂ ਦਿਨ ਬਲਦਾਂ ਨੂੰ ਕਰੂਰਤਾ ਨਾਲ ਘੜੀਸਿਆ ਤੇ ਕੁੱਟਿਆ ਜਾ ਰਿਹਾ ਸੀ ਅਤੇ ਚੌਂਕੀ ਇੰਚਾਰਜ ਡੱਲਾ ਸਬ ਇੰਸਪੈਕਟਰ ਅਰਜਨ ਸਿੰਘ ਵੱਲੋਂ ਦੋਰਨੇ ਗਸ਼ਤ ਸਾਰੇ ਮਾਮਲੇ ਦੀ ਜਾਂਚ ਤੋਂ ਬਾਅਦ ਬਿਲਕੁਲ ਦਰੁਸਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।