ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਪਿੰਡ ਬੂਲਪੁਰ ਵਿੱਚ ਇੱਕ ਮਹਿਲਾ ਦੀ ਮੌਤ ਤੋਂ ਬਾਅਦ ਉਸ ਦੇ ਪਤੀ ਅਤੇ ਪੇਕੇ ਪਰਿਵਾਰ ਨੇ ਸੁਲਤਾਨਪੁਰ ਲੋਧੀ ਵਿੱਚ ਰੋਡ ਜਾਮ ਕਰਕੇ ਧਰਨਾ ਲਗਾ ਦਿੱਤਾ।
ਦਰਅਸਲ ਪਤੀ ਦਾ ਬਾਕੀ ਪਰਿਵਾਰ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਕਿ ਦੂਜੇ ਪਰਿਵਾਰ ਦੀ ਸ਼ਿਕਾਇਤ ਉੱਤੇ ਪੁਲਿਸ ਉਸ ਨੂੰ ਥਾਣੇ ਲੈ ਗਈ, ਜਿਸ ਤੋਂ ਬਾਅਦ ਉਸ ਨੂੰ ਸੂਚਨਾ ਮਿਲੀ ਕਿ ਉਸ ਦੇ ਪਿਤਾ ਤੇ ਭੈਣ ਵੱਲੋਂ ਉਸ ਦੀ ਪਤਨੀ ਨੂੰ ਜ਼ਹਿਰ ਦੇ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਉਹ ਉਸ ਨੂੰ ਨਜ਼ਦੀਕੀ ਹਸਪਤਾਲ ਲੈ ਕੇ ਗਿਆ। ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਜਿੱਥੇ ਉਸ ਦੀ ਬੀਤੀ ਰਾਤ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੇ ਪਤੀ ਸੁਰਜੀਤ ਸਿੰਘ ਦਾ ਆਰੋਪ ਹੈ ਕਿ ਉਸ ਦਾ ਆਪਣੇ ਪਰਿਵਾਰ ਨਾਲ ਜ਼ਮੀਨ ਵਿਵਾਦ ਚੱਲ ਰਿਹਾ ਹੈ ਤੇ ਪੁਲਿਸ ਦੂਜੇ ਗੁੱਟ ਦੀ ਮਦਦ ਕਰ ਰਹੀ ਹੈ ਤੇ ਉਲਟਾ ਉਸ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ।
ਹੁਣ ਪਤਨੀ ਦੀ ਮੌਤ ਤੋਂ ਬਾਅਦ ਪੁਲਿਸ ਦੀ ਸਹੀ ਕਾਰਵਾਈ ਨਾ ਕਰਨ ਉੱਤੇ ਉਸ ਨੂੰ ਮਜਬੂਰਨ ਰੋਡ ਜਾਮ ਕਰ ਧਰਨਾ ਦੇਣਾ ਪਿਆ। ਉੱਥੇ ਥਾਣਾ ਤਲਵੰਡੀ ਚੌਧਰੀਆ ਦੇ ਐਸਐਚਓ ਮੁਤਾਬਕ ਮ੍ਰਿਤਕ ਦੇ ਇਲਾਜ ਦੌਰਾਨ ਜੋ ਬਿਆਨ ਦਿੱਤੇ ਸਨ ਉਸ ਮੁਤਾਬਕ ਕਾਰਵਾਈ ਕੀਤੀ ਗਈ ਸੀ ਤੇ ਹੁਣ ਜਦੋਂ ਮੌਤ ਹੋ ਗਈ ਹੈ ਤਾਂ ਮਾਮਲੇ ਵਿੱਚ ਵਾਧਾ ਕਰ ਦਿੱਤਾ ਹੈ। ਪੁਲਿਸ ਮੁਤਾਬਕ ਦੂਜੇ ਪੱਖ ਤੋਂ ਵੀ ਜੋ ਸ਼ਿਕਾਇਤ ਆਈ ਸੀ ਉਸ ਮੁਤਾਬਕ ਕਾਰਵਾਈ ਕੀਤੀ ਗਈ ਹੈ ਤੇ ਸਾਰਾ ਮਾਮਲਾ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਹੈ।