ਜਲੰਧਰ: ਪੰਜਾਬ ਭਰ ਵਿੱਚ ਭਾਰੀ ਬਰਸਾਤ ਕਾਰਨ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ। ਜਿਸ ਵਿੱਚ ਹੁਣ ਤੱਕ 11 ਜ਼ਿਲ੍ਹੇ ਇਸ ਦੇ ਲਪੇਟੇ ਵਿੱਚ ਆਏ ਹਨ, ਜਿਨ੍ਹਾਂ ਵਿੱਚੋਂ 5 ਜਿਲ੍ਹਿਆਂ ਵਿੱਚ ਪਾਣੀ ਨੇ ਜ਼ਿਆਦਾ ਨੁਕਸਾਨ ਪਹੁੰਚਾਇਆ। ਇਸ ਵਿਚਾਲੇ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਲੰਧਰ ਤੋਂ ਜਿੱਥੇ ਭਾਰੀ ਮੀਂਹ ਨਾਲ ਪ੍ਰਭਾਵਿਤ ਹੋਏ ਲੋਹੀਆਂ ਦੇ ਪਿੰਡ ਗਿੱਦੜਪਿੰਡੀ 'ਚ ਇਕ ਬਜ਼ੁਰਗ ਦੀ ਮੌਤ ਹੋ ਗਈ ਅਤੇ ਉਸ ਦਾ ਅੰਤਿਮ ਸਸਕਾਰ ਦੋਹਤੇ ਵੱਲੋਂ ਪਿੰਡ ਦੇ ਸ਼ਮਸ਼ਾਨ ਘਾਟ ਦੀ ਥਾਂ ਉੱਤੇ ਕਰਨ ਦੀ ਬਜਾਏ ਸੜਕ ਉੱਤੇ ਹੀ ਕਰਨਾ ਪਿਆ। ਦਰਅਸਲ, ਸ਼ਮਸ਼ਾਨ ਘਾਟ ਪਾਣੀ ਨਾਲ ਭਰੇ ਹੋਣ ਕਰਕੇ ਮੁੰਡੇ ਨੇ ਆਪਣੇ "ਨਾਨੇ" ਦਾ ਸੜਕ ਕੰਡੇ "ਸਸਕਾਰ" ਕੀਤਾ। ਮਿਲੀ ਜਾਣਕਾਰੀ ਮੁਤਾਬਿਕ ਪਰਿਵਾਰ ਨੇ ਬਜ਼ੁਰਗ ਦਾ ਸਸਕਾਰ ਗਿਦੜਪਿੰਡੀ ਫਿਰੋਜ਼ਪੁਰ ਮਾਰਗ 'ਤੇ ਹੀ ਕਰ ਦਿੱਤਾ ਅਤੇ ਇਸ ਮੌਕੇ ਪਰਿਵਾਰ ਨੇ ਪ੍ਰਸ਼ਾਸਨ 'ਤੇ ਤੰਜ ਕੱਸਦਿਆਂ ਕਿਹਾ ਕਿ ਨਾ ਪ੍ਰਸ਼ਾਸਨ ਦਾ ਕੋਈ ਪ੍ਰਬੰਧ ਹੈ ਅਤੇ ਨਾ ਹੀ ਕੋਈ Emergency ਨੰਬਰ ਲੱਗਿਆ ਹੈ। ਸਰਕਾਰ ਇਕ ਵਾਰ ਫਿਰ ਲੋਕਾਂ ਨਾਲ ਝੂਠੇ ਦਾਅਵੇ ਕਰ ਰਹੀ ਹੈ, ਜੋ ਇਹੋ ਜਿਹੇ ਸਮੇਂ 'ਚ ਕੋਈ ਸਹਾਇਤਾ ਹੋ ਸਕੇ।
ਸਮੇਂ ਸਿਰ ਨਹੀਂ ਮਿਲਿਆ ਇਲਾਜ: ਮਾਸਟਰ ਸੋਹਣ ਸਿੰਘ ਦਾ ਅੰਤਿਮ ਸੰਸਕਾਰ ਕਰਨ ਵਾਲੇ ਉਸ ਦੇ ਦੋਹਤੇ ਨੇ ਦੱਸਿਆ ਕਿ ਉਨ੍ਹਾਂ ਦੇ ਨਾਨਾ ਜੋ ਕਿ 85 ਸਾਲ ਦੇ ਸਨ, ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਪਰ, ਪਿੰਡ ਵਿੱਚ ਭਾਰੀ ਮੀਂਹ ਕਰਨ ਤੋਂ ਹੜ੍ਹ ਵਰਗੇ ਹਾਲਾਤ ਬਣ ਗਏ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਪੂਰੀ ਤਰ੍ਹਾਂ ਵਿਗੜ ਗਈ। ਉਸ ਨੇ ਦੱਸਿਆ ਕਿ ਮੋਬਾਈਲ ਨੈੱਟਵਰਕ ਅਤੇ ਕਿਸੇ ਨਾਲ ਸੰਪਰਕ ਨਾ ਹੋਣ ਕਾਰਨ ਉਹ ਆਪਣੇ ਨਾਨੇ ਨੂੰ ਹਸਪਤਾਲ ਤੱਕ ਨਹੀਂ ਪਹੁੰਚਾ ਸਕੇ। ਦੱਸ ਦਈਏ ਕਿ ਮ੍ਰਿਤਕ ਰਿਟਾਇਰਡ ਅਧਿਆਪਕ ਸੀ।
ਪਹਿਲਾਂ ਵੀ ਇਹ ਇਲਾਕੇ ਹੋਏ ਸਨ ਹੜ੍ਹ ਪ੍ਰਭਾਵਿਤ : ਜ਼ਿਕਰਯੋਗ ਹੈ ਕਿ ਹੜ੍ਹ ਦੇ ਨਾਲ ਜਲੰਧਰ ਤੇ ਕਪੂਰਥਲਾ ਦੇ ਕੁਝ ਪਿੰਡ 2019 ਵਿੱਚ ਵੀ ਪ੍ਰਭਾਵਿਤ ਹੋਏ ਸਨ। ਉਥੇ ਹੀ, ਇਸ ਵਾਰ ਵੀ ਇਨ੍ਹਾਂ ਇਲਾਕਿਆਂ ਵਿੱਚ ਹੜ੍ਹ ਦੀ ਮਾਰ ਵਗੀ ਹੈ। ਜਲੰਧਰ ਤੇ ਕਪੂਰਥਲਾ ਤੋਂ ਇਲਾਵਾ ਰੂਪਨਗਰ,ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸ਼ਾਮਲ ਹਨ। ਸਾਲ 2019 ਵਿੱਚ ਵੀ ਜਲੰਧਰ ਦੇ ਗਿੱਦੜਪਿੰਡੀ ਨੇੜੇ ਸਤਲੁਜ ਦਰਿਆ ਵਿੱਚ ਪਾੜ ਪੈਣ ਕਾਰਨ ਜਲੰਧਰ ਦੀ ਸ਼ਾਹਕੋਟ ਸਬ-ਡਵੀਜ਼ਨ ਅਤੇ ਕਪੂਰਥਲਾ ਜ਼ਿਲ੍ਹੇ ਦੀ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਸਨ।
- Punjab Flood Update: ਪੰਜਾਬ ਦੇ ਕਈ ਇਲਾਕਿਆਂ ਵਿੱਚ ਰਾਹਤ, ਕਈ ਥਾਂ ਅਜੇ ਵੀ ਮੰਡਰਾ ਰਿਹੈ ਹੜ੍ਹਾਂ ਦਾ ਖ਼ਤਰਾ, ਹੁਣ ਤੱਕ 11 ਮੌਤਾਂ
- ਮੁੱਖ ਮੰਤਰੀ ਭਗਵੰਤ ਮਾਨ ਹੜ੍ਹ ਪੀੜਤਾਂ ਲਈ 71 ਕਰੋੜ 50 ਲੱਖ ਰੁਪਏ ਹੋਰ ਕਰਨਗੇ ਜਾਰੀ, ਮ੍ਰਿਤਕਾਂ ਦਾ ਵਾਰਿਸਾਂ ਨੂੰ ਰਾਹਤ ਫੰਡ 'ਚੋਂ ਰਾਸ਼ੀ ਜਾਰੀ ਕਰਨ ਦੇ ਨਿਰਦੇਸ਼
- Khanna News: ADC ਦੇ ਸੇਵਾ ਮੁਕਤ ਰੀਡਰ ਤੇ ਭਾਜਪਾ ਆਗੂ 'ਤੇ ਰਿਸ਼ਵਤਖੋਰੀ ਦਾ ਕੇਸ ਦਰਜ, ਇੰਤਕਾਲ ਬਦਲੇ ਲਏ ਸੀ ਸਾਢੇ ਤਿੰਨ ਲੱਖ ਰੁਪਏ
ਦਾਅਵੇ ਅਤੇ ਹਕੀਕਤ ਵਿੱਚ ਹੈ ਅੰਤਰ: ਪੰਜਾਬ ਦੇ ਮਾਲ ਵਿਭਾਗ ਨੇ ਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ 33.50 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਹਾਲਾਂਕਿ, ਸੂਬਾ ਸਰਕਾਰ ਦਾ ਕਹਿਣਾ ਹੈ ਕਿ 14000 ਤੋਂ ਵੱਧ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ’ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਪੰਜਾਬ ਸਰਕਾਰ ਨੇ ਰਾਹਤ ਕਾਰਜਾਂ ਲਈ ਐੱਨਡੀਆਰਐੱਫ ਦੀਆਂ 14 ਟੀਮਾਂ ਅਤੇ ਐੱਸਡੀਆਰਐੱਫ ਦੀਆਂ 2 ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਭੇਜੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ ਕਿ ਲੋਕਾਂ ਨੂੰ ਪੂਰੀਆਂ ਸੁੱਖ ਸਹੂਲਤਾਂ ਮਿਲ ਰਹੀਆਂ ਹਨ। ਪਰ ਜਦੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਇਕ ਵਾਰ ਸਵਾਲ ਜਰੂਰ ਖੜੇ ਹੁੰਦੇ ਹਨ ਕਿ ਇਨ੍ਹਾਂ ਦਾਅਵਿਆਂ ਦੀ ਸੱਚਾਈ ਕੀ ਹੈ।