ਕਪੂਰਥਲਾ: ਪਿਛਲੀਆਂ ਨਗਰ ਕੌਂਸਲ ਚੋਣਾਂ 'ਚ ਕਪੂਰਥਲਾ ਨੂੰ ਨਗਰ ਕੌਂਸਲ ਸ਼੍ਰੇਣੀ ਦਾ ਦਰਜਾ ਪ੍ਰਾਪਤ ਸੀ ਜਿਸ 'ਤੇ ਅਕਾਲੀ ਦਲ-ਭਾਜਪਾ ਦੀ ਸੱਤਾ ਸੀ ਜਿਸ ਦੀ ਪ੍ਰਧਾਨ ਬੀਬੀ ਅੰਮ੍ਰਿਤਪਾਲ ਕੌਰ ਸੀ। ਇਸ ਤੋਂ ਬਾਅਦ 2017 ਵਿੱਚ ਜਦੋਂ ਇੱਥੇ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਬੀਬੀ ਅੰਮ੍ਰਿਤਪਾਲ ਕੌਰ ਨੇ ਕਾਂਗਰਸ ਦਾ ਪੱਲਾ ਫੜ ਲਿਆ ਪਰ ਫਰਵਰੀ 2019 ਤੱਕ ਉਹੀ ਮਿਉਂਸਪਲ ਕੌਂਸਲ ਦੇ ਪ੍ਰਧਾਨ ਰਹੇ। ਇਸ ਤੋਂ ਬਾਅਦ ਇਸ ਨਗਰ ਕੌਂਸਲ ਨੂੰ ਭੰਗ ਕਰ ਦਿੱਤਾ ਗਿਆ ਅਤੇ ਕਪੂਰਥਲਾ ਨੂੰ ਨਗਰ ਨਿਗਮ ਵਿੱਚ ਤਬਦੀਲ ਕਰਕੇ 50 ਵਾਰਡਾਂ ਵਿੱਚ ਵੰਡ ਦਿੱਤਾ ਗਿਆ।
ਇਸ ਵਾਰ ਕਪੂਰਥਲਾ ਨੂੰ ਆਪਣਾ ਪਹਿਲਾ ਮੇਅਰ ਮਿਲੇਗਾ ਜਿਸ ਲਈ 14 ਫਰਵਰੀ ਨੂੰ ਨਗਰ ਨਿਗਮ ਦੀਆਂ ਚੋਣਾਂ ਹੋਣਗੀਆਂ। ਕਪੂਰਥਲਾ ਵਿੱਚ ਇਸ ਵਾਰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਵਿੱਚ ਇੱਕ ਵੀ ਪਿੰਡ ਦਾ ਇਲਾਕਾ ਨਹੀਂ ਹੈ ਬਲਕਿ ਸ਼ਹਿਰੀ ਇਲਾਕੇ ਹੀ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ਵਿੱਚ ਘੱਟ ਤੋਂ ਘੱਟ ਵੋਟ 400 ਅਤੇ ਵੱਧ ਤੋਂ ਵੱਧ ਵੋਟ 2,000 ਤੱਕ ਰੱਖੀ ਗਈ ਹੈ।
ਇਸ ਵਾਰ ਅਲੱਗ ਅਲੱਗ ਪਾਰਟੀਆਂ ਤੋਂ ਕੁੱਲ 196 ਉਮੀਦਵਾਰ ਮੈਦਾਨ ਵਿੱਚ ਹਨ। ਦੱਸ ਦੇਈਏ ਕਿ ਕਪੂਰਥਲਾ ਦੇ ਇੱਕ ਵਾਰਡ ਵਿੱਚ ਕਾਂਗਰਸ ਦੇ ਉਮੀਦਵਾਰ ਨੂੰ ਨਿਰਵਿਰੋਧ ਚੁਣ ਲਿਆ ਗਿਆ ਹੈ ਜਿਸ ਤੋਂ ਬਾਅਦ ਹੁਣ ਕਪੂਰਥਲਾ ਵਿੱਚ ਸਿਰਫ਼ 49 ਵਾਰਡਾਂ 'ਤੇ ਹੀ ਚੋਣਾਂ ਹੋਣਗੀਆਂ ਜਿਨ੍ਹਾਂ 'ਚ ਕਾਂਗਰਸ ਦੇ ਕੁੱਲ 49 ਉਮੀਦਵਾਰ ਮੈਦਾਨ ਵਿੱਚ ਹਨ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 46 ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ ਜਦਕਿ ਆਮ ਆਦਮੀ ਪਾਰਟੀ ਦੇ 41 ਉਮੀਦਵਾਰ ਮੈਦਾਨ ਵਿੱਚਹਨ ਅਤੇ ਭਾਜਪਾ ਦੇ 36 ਉਮੀਦਵਾਰ ਹਨ। ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਦੇ 5, ਡੈਮੋਕਰੈਟਿਕ ਭਾਰਤੀ ਪਾਰਟੀ ਦਾ ਇੱਕ ਅਤੇ 18 ਉਮੀਦਵਾਰ ਆਜ਼ਾਦ ਚੋਣਾਂ ਲੜ ਰਹੇ ਹਨ।
ਕਪੂਰਥਲਾ ਏ.ਡੀ.ਸੀ. ਡਿਵੈਲਪਮੈਂਟ ਐਸ.ਪੀ. ਆਂਗਰਾ ਨੇ ਦੱਸਿਆ ਕਿ ਕਪੂਰਥਲਾ ਵਿੱਚ ਪਹਿਲੀ ਵਾਰ ਨਗਰ ਨਿਗਮ ਦੀਆਂ ਚੋਣਾਂ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਪੂਰਾ ਵੇਰਵਾ ਦਿੰਦਿਆਂ ਦੱਸਿਆ ਕਿ ਇਸ ਵਾਰ ਜਿੱਥੇ ਕਪੂਰਥਲਾ ਵਿੱਚ 83 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਇਨ੍ਹਾਂ ਬੂਥਾਂ ਉੱਪਰ ਸੁਚਾਰੂ ਢੰਗ ਨਾਲ ਚੋਣਾਂ ਕਰਾਉਣ ਲਈ ਪੋਲਿੰਗ ਸਟਾਫ ਦੀ ਵੀ ਡਿਊਟੀ ਲਗਾ ਦਿੱਤੀ ਗਈ ਹੈ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਪਤਾ ਵਿਸ਼ਾਲ ਗੁਪਤਾ ਅਤੇ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਕੁਸੁਮ ਪਸਰੀਚਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਚੋਣ ਨੂੰ ਲੜਣ ਦੀ ਪੂਰੀ ਤਿਆਰੀ ਹੈ ਅਤੇ ਇਸ ਲਈ ਉਹ ਘਰ ਘਰ ਜਾ ਕੇ ਲੋਕਾਂ ਨੂੰ ਉਨ੍ਹਾਂ ਨੂੰ ਹੀ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਪੂਰਥਲਾ ਸ਼ਹਿਰ ਵਿੱਚ ਪਹਿਲੀ ਵਾਰ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਲਈ ਉਹ ਕਾਫੀ ਉਤਸ਼ਾਹਿਤ ਵੀ ਹਨ।
ਉਧਰ ਕਪੂਰਥਲਾ ਦੇ ਲੋਕਾਂ ਦਾ ਕਹਿਣਾ ਹੈ ਕਿ ਕਪੂਰਥਲਾ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਨਗਰ ਕੌਂਸਲ ਦੇ ਅਲੱਗ-ਅਲੱਗ ਪਾਰਟੀਆਂ ਦੇ ਪ੍ਰਧਾਨ ਪਰ ਵਿਕਾਸ ਦੇ ਨਾਮ 'ਤੇ ਕਪੂਰਥਲੇ ਦੇ ਵੋਟਰਾਂ ਨੂੰ ਉਹ ਸੰਤੁਸ਼ਟ ਨਹੀਂ ਕਰ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਕਪੂਰਥਲੇ ਵਿੱਚ ਸਾਫ ਸਫਾਈ ਸੀਵਰੇਜ ਸੜਕਾਂ ਅਜੇ ਵੀ ਪੂਰੀ ਤਰ੍ਹਾਂ ਨਹੀਂ ਬਣੀਆਂ ਹਨ ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਾਰ ਦੀਆਂ ਚੋਣਾਂ ਵਿੱਚ ਵੋਟ ਪਾਉਣ ਬਾਰੇ ਉਨ੍ਹਾਂ ਕਿਹਾ ਕਿ ਉਹ ਕੁੱਝ ਨਵਾਂ ਚਾਹੁੰਦੇ ਹਨ ਕਿਉਂਕਿ ਪੁਰਾਣੀ ਪਾਰਟੀਆਂ ਅਤੇ ਪੁਰਾਣੇ ਲੋਕਾਂ ਨੂੰ ਉਹ ਕਈ ਵਾਰ ਅਜ਼ਮਾ ਕੇ ਦੇਖ ਚੁੱਕੇ ਹਨ।