ਕਪੂਰਥਲਾ: ਜ਼ਿਲ੍ਹੇ ਦੇ ਭੁਲੱਥ ਇਲਾਕੇ ਤੋਂ ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਵਿਰੋਧੀ ਆਗੂ ਸੁਖਪਾਲ ਖਹਿਰਾ ਵੱਲੋਂ ਪਿਛਲੇ ਦਿਨੀਂ ਪਟਿਆਲਾ ਵਿੱਚ ਵਾਪਰੀ ਘਟਨਾ ਅਤੇ ਹੋਰ ਕਈ ਮਸਲਿਆਂ ਨੂੰ ਲੈਕੇ ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਗਿਆ (Sukhpal Khaira raises questions on Bhagwant Mann government ) ਹੈ। ਸਰਕਾਰ ’ਤੇ ਹਮਲਾ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਪੰਜਾਬ ਵਿੱਚ ਹਿੰਸਾ ਦੀਆਂ ਘਟਨਾਵਾਂ ਦਿਨ ਬ ਦਿਨ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਪਟਿਆਲਾ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉੱਥੇ ਜੋ ਵੀ ਹੋਇਆ ਉਹ ਮੰਦਭਾਗਾ ਸੀ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਇਸ ਘਟਨਾ ਨੂੰ ਲੈਕੇ ਉਨ੍ਹਾਂ ਕਿਹਾ ਇਹ ਇੰਟੈਲੀਜੈਂਸ ਦੀ ਲਾਪਰਵਾਹੀ ਕਾਰਨ ਹੋਇਆ ਹੈ।
ਖਹਿਰਾ ਨੇ ਕਿਹਾ ਕਿ ਇਸ ਘਟਨਾ ਦੇ ਵਾਪਰਨ ਦੇ ਪਹਿਲਾਂ ਹੀ ਸੰਕੇਤ ਸਨ ਪਰ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਕਰਕੇ ਪਟਿਆਲਾ ’ਚ ਗੁੰਡਾਰਾਜ ਦਾ ਨੰਗਾਨਾਚ ਹੋਇਆ ਹੈ । ਉਨ੍ਹਾਂ ਸਵਾਲ ਚੁੱਕਦੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਸਵਾਲ ਚੁੱਕ ਰਹੀ ਸੀ ਪਰ ਹੁਣ ਜਦੋਂ ਸੱਤਾ ਵਿੱਚ ਖੁਦ ਆ ਚੁੱਕੀ ਹੈ ਤਾਂ ਕਿਸੇ ਗੱਲ ਦਾ ਜਵਾਬ ਨਹੀਂ ਦੇ ਰਹੇ।
ਇਸਦੇ ਨਾਲ ਹੀ ਸੁਖਪਾਲ ਖਹਿਰਾ ਨੇ ਸੜਕ ਕਿਨਾਰੇ ਲੱਗਣ ਵਾਲੀਆਂ ਰੇਹੜੀਆਂ ਨੂੰ ਲੈਕੇ ਲਏ ਗਏ ਫੈਸਲੇ ਉੱਪਰ ਵੀ ਸਵਾਲ ਚੁੱਕੇ ਹਨ। ਖਹਿਰਾ ਨੇ ਕਿਹਾ ਕਿ ਇਹ ਉਹੀ ਪਾਰਟੀ ਹੈ ਜੋ ਪਹਿਲਾਂ ਕਹਿੰਦੀ ਸੀ ਕਿ ਇੰਨ੍ਹਾਂ ਰੇਹੜੀਆਂ-ਫੜੀਆਂ ਦੇ ਮਾਲਕਾਂ ਅਤੇ ਆਮ ਲੋਕਾਂ ਵਿੱਚੋਂ ਹੀ ਅਸੀਂ ਆਪਣੇ ਐਮ ਐਲ ਏ ਬਣਾਵਾਂਗੇ ਪਰ ਅੱਜ ਸਰਕਾਰ ਇੰਨ੍ਹਾਂ ਲੋਕਾਂ ’ਤੇ ਹੀ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰਨੀ ਵੀ ਹੈ ਤਾਂ ਪਹਿਲੇ ਇੰਨ੍ਹਾਂ ਲੋਕਾਂ ਨੂੰ ਕੁਝ ਮਹੀਨਿਆਂ ਨੋਟਿਸ ਦੇਣਾ ਚਾਹੀਦਾ ਹੈ ਤਾਂਕਿ ਉਹ ਆਪਣਾ ਕੋਈ ਹੋਰ ਇੰਤਜ਼ਾਮ ਕਰ ਸਕਣ।
ਬਿਜਲੀ ਦੇ ਮੁੱਦੇ ’ਤੇ ਸੁਖਪਾਲ ਖਹਿਰਾ ਨੇ ਕਿਹਾ ਕਿ ਇਸ ਪਿੱਛੇ ਮੁਫਤ ਖੋਰੀ ਦੀ ਰਾਜਨੀਤੀ ਹੋ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਝੋਨੇ ਦਾ ਸੀਜ਼ਨ ਆਉਣ ਵਾਲਾ ਹੈ ਪਰ ਸਰਕਾਰ ਕੋਲ ਇਸ ਲਈ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਹੂਲਤਾਂ ਦੇਣਾ ਚੰਗੀ ਗੱਲ ਹੈ ਪਰ ਉਧਰ ਦੂਸਰੇ ਪਾਸੇ ਬਿਜਲੀ ਸਪਲਾਈ ਕਰਨ ਵਾਲੀ ਪੀਐੱਸਪੀਸੀਐੱਲ ਕੋਲ ਹੁਣ ਪੈਸੇ ਦੀ ਕਮੀ ਹੈ ਜਿਸ ਕਰਕੇ ਪੂਰਾ ਸਿਸਟਮ ਗੜਬੜਾ ਗਿਆ ਹੈ। ਖਹਿਰਾ ਨੇ ਕਿਹਾ ਕਿ ਅੱਜ ਪੂਰਾ ਪੰਜਾਬ ਬਿਜਲੀ ਤੋਂ ਪ੍ਰੇਸ਼ਾਨ ਹੈ ਇਕ ਪਾਸੇ ਜਿੱਥੇ ਕਿਸਾਨਾਂ ਨੂੰ ਬਿਜਲੀ ਨਾ ਮਿਲਣ ਕਰਕੇ ਉਨ੍ਹਾਂ ਨੂੰ ਮਹਿੰਗਾ ਡੀਜ਼ਲ ਇਸਤੇਮਾਲ ਕਰਨਾ ਪੈ ਰਿਹਾ ਹੈ ਉਧਰ ਦੂਸਰੇ ਪਾਸੇ ਆਮ ਲੋਕ ਵੀ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਹਨ।
ਇਸ ਦੇ ਨਾਲ ਹੀ ਖਹਿਰਾ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੌਜਵਾਨਾਂ ਨੂੰ ਨੌਕਰੀ ਨਹੀਂ ਦੇ ਰਹੀ ਜਿੰਨ੍ਹਾਂ ਦੀ ਭਰਤੀ ਪ੍ਰਕਿਰਿਆ ਤਕਰੀਬਨ ਪੂਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਉਮੀਦਵਾਰਾਂ ਦੀ ਭਰਤੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਸਰਕਾਰ ਨੂੰ ਉਨ੍ਹਾਂ ਨੌਜਵਾਨਾਂ ਨੂੰ ਨੌਕਰੀ ਦੇਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਪਟਿਆਲਾ ਝੜਪ ਤੋਂ ਬਾਅਦ ਅਫਸਰਾਂ ’ਤੇ ਡਿੱਗੀ ਗਾਜ਼ !