ਜਲੰਧਰ: ਅੱਜ ਪੂਰੀ ਦੁਨੀਆਂ ਭਰ ਵਿੱਚ "ਕੌਮਾਂਤਰੀ ਨਸ਼ਾ ਵਿਰੋਧੀ ਦਿਵਸ" ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਪੂਰੀ ਦੁਨੀਆਂ ਵਿੱਚ ਨਸ਼ੇ ਵਿੱਚ ਡੁੱਬੇ ਹੋਏ ਨੌਜਵਾਨਾਂ ਨੂੰ ਅਤੇ ਆਉਣ ਵਾਲੀ ਪੀੜ੍ਹੀ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਉੱਥੇ ਹੀ ਪੰਜਾਬ ਦੀ ਗੱਲ ਕਰੀਏ ਤਾਂ ਨਸ਼ਾ ਪੰਜਾਬ ਦੇ ਸਭ ਤੋਂ ਵੱਡੇ ਮੁੱਦਿਆਂ ਵਿੱਚੋਂ ਇੱਕ ਹੈ। ਪਿਛਲੇ ਕੁੱਝ ਸਾਲਾਂ ਤੋਂ ਪੰਜਾਬ ਵਿੱਚ ਵਧਦਾ ਨਸ਼ਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਰ ਦੂਜੇ ਪਾਸੇ ਪੰਜਾਬ ਦੇ ਕੁੱਝ ਨੌਜਵਾਨ ਨਸ਼ਾ ਛੱਡਣ ਵੱਲ ਵੀ ਆਪਣੇ ਕਦਮ ਵਧਾ ਰਹੇ ਹਨ, ਜੋ ਕਿ ਸੂਬੇ ਦੇ ਹਾਲਾਤ ਲਈ ਰਾਹਤ ਦੀ ਗੱਲ ਹੈ।
ਪੰਜਾਬ ਦੇ ਕਈ ਨੌਜਵਾਨ ਜੋ ਪਿਛਲੇ ਕੁੱਝ ਸਾਲਾਂ ਤੋਂ ਨਸ਼ੇ ਵਿੱਚ ਡੁੱਬੇ ਹੋਏ ਸਨ, ਉਹ ਨਸ਼ਿਆਂ ਨੂੰ ਛੱਡਣ ਲਈ ਖੂਬ ਮਿਹਨਤ ਕਰ ਰਹੇ ਹਨ। 'ਡਰੱਗ ਅਬਿਊਜ਼ ਡੇਅ' ਮੌਕੇ ਈਟੀਵੀ ਨੇ ਕੁੱਝ ਅਜਿਹੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਜੋ ਕੁੱਝ ਸਾਲ ਪਹਿਲਾਂ ਨਸ਼ੇ ਦੇ ਦਲਦਲ ਵਿੱਚ ਫਸ ਗਏ ਸੀ ਪਰ ਹੁਣ ਉਹ ਆਪਣੇ ਦ੍ਰਿੜ ਹੌਂਸਲੇ ਅਤੇ ਲੋਕਾਂ ਦੇ ਸਾਥ ਨਾਲ ਨਸ਼ਾ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ: 4 ਦਿਨ ਤੋਂ ਹਸਪਤਾਲ ਬਾਹਰ ਪਏ ਮਰੀਜ਼ ਦੀ ਕਿਸੇ ਨੇ ਨਹੀਂ ਲਈ ਸਾਰ
ਇਨ੍ਹਾਂ ਨੌਜਵਾਨਾਂ ਮੁਤਾਬਕ ਕੁੱਝ ਸਾਲ ਪਹਿਲਾ ਉਨ੍ਹਾਂ ਨੂੰ ਕੁੱਝ ਲੋਕਾਂ ਨੇ ਨਸ਼ੇ ਦੇ ਜਾਲ ਵਿੱਚ ਫਸਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਹ ਪੂਰੀ ਤਰ੍ਹਾਂ ਨਸ਼ੇ ਦੇ ਆਦੀ ਹੋ ਗਏ ਸਨ। ਪਰ ਹੁਣ ਉਹ ਕਾਫ਼ੀ ਸਮੇਂ ਤੋਂ ਨਸ਼ਾ ਛੜਾਊ ਕੇਂਦਰ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਨਸ਼ਾ ਛੱਡ ਮੁੜ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਹਨ।