ਜਲੰਧਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਕੱਢੇ ਗਏ ਅਸਿਸਟੈਂਟ ਪ੍ਰੋਫੈਸਰ ਗੁਰਸੰਗ ਪ੍ਰੀਤ ਕੌਰ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਗੁਰ ਸੰਗ ਪ੍ਰੀਤ ਕੌਰ ਨੇ ਆਪਣੀ ਇੱਕ ਵੀਡੀਓ ਜਾਰੀ ਕਰ ਮੁਆਫੀ ਮੰਗਦੇ ਹੋਏ ਕਿਹਾ ਹੈ ਕਿ ਉਸ ਕੋਲੋਂ ਯੂਨੀਵਰਸਿਟੀ ਦੇ ਅੰਦਰ ਇੱਕ ਲੈਕਚਰ ਦੌਰਾਨ ਭਗਵਾਨ ਸ੍ਰੀ ਰਾਮ ਬਾਰੇ ਗਲਤ ਟਿੱਪਣੀ ਹੋ ਗਈ ਸੀ ਜਿਸ ਦੀ ਉਹ ਮੁਆਫੀ ਮੰਗਦੀ ਹੈ।
ਉਨ੍ਹਾਂ ਕਿਹਾ ਕਿ ਉਸ ਦੀ ਇਸ ਸ਼ਬਦਾਵਲੀ ਅਤੇ ਭਗਵਾਨ ਸ੍ਰੀ ਰਾਮ ਦੇ ਉੱਪਰ ਕੀਤੀ ਗਈ ਟਿੱਪਣੀ ਨਾਲ ਹਿੰਦੂ ਸਮਾਜ ਨੂੰ ਜੋ ਠੇਸ ਪਹੁੰਚੀ ਹੈ ਉਸ ਲਈ ਉਹ ਉਨ੍ਹਾਂ ਕੋਲੋਂ ਮੁਆਫ਼ੀ ਮੰਗਦੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਵੀ ਭਾਵਨਾ ਨਹੀਂ ਸੀ ਜਿਸ ਨਾਲ ਕਿਸੇ ਨੂੰ ਠੇਸ ਪਹੁੰਚੇ। ਸਹਾਇਕ ਪ੍ਰੋਫੈਸਰ ਨੇ ਦੱਸਿਆ ਕਿ ਡਿਪਰੈਸ਼ਨ ਵਿੱਚ ਅਤੇ ਅਣਜਾਣੇ ਵਿੱਚ ਉਨ੍ਹਾਂ ਤੋਂ ਇਹ ਸ਼ਬਦ ਬੋਲੇ ਗਏ ਹਨ ਜਿਸ ਲਈ ਉਹ ਪੂਰੇ ਦੇਸ਼ ਦੇ ਹਿੰਦੂ ਭਾਈਚਾਰੇ ਤੋਂ ਮੁਆਫੀ ਮੰਗਦੀ ਹੈ।
ਜ਼ਿਕਰਯੋਗ ਹੈ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਇਸ ਅਸਿਸਟੈਂਟ ਪ੍ਰੋਫੈਸਰ ਵੱਲੋਂ ਕਲਾਸ ਵਿੱਚ ਇੱਕ ਲੈਕਚਰ ਦੌਰਾਨ ਭਗਵਾਨ ਸ੍ਰੀ ਰਾਮ ਨੂੰ ਸ਼ਾਤਿਰ ਅਤੇ ਰਾਵਣ ਨੂੰ ਨੇਕ ਦਿਲ ਇਨਸਾਨ ਕਿਹਾ ਸੀ। ਉਨ੍ਹਾਂ ਆਪਣੀ ਟਿੱਪਣੀ ਵਿਚ ਇਹ ਵੀ ਕਿਹਾ ਸੀ ਕਿ ਭਗਵਾਨ ਸ੍ਰੀ ਰਾਮ ਨੇ ਰਾਵਣ ਨੂੰ ਮਾਰਨ ਵਾਸਤੇ ਰਾਵਣ ਨੂੰ ਗਲਤ ਸਾਬਤ ਕੀਤਾ। ਉਨ੍ਹਾਂ ਦੀ ਇਸ ਟਿੱਪਣੀ ਤੋਂ ਬਾਅਦ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ।
ਇਸ ਬਿਆਨ ਤੋਂ ਬਾਅਦ ਮਹਿਲਾ ਪ੍ਰੋਫੈਸਰ ਦਾ ਹਿੰਦੂ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਹੁਣ ਉਨ੍ਹਾਂ ਇੱਕ ਵੀਡੀਓ ਜਾਰੀ ਕਰਦੇ ਦੇਸ਼ ਦੇ ਹਿੰਦੂ ਭਾਈਚਾਰੇ ਤੋਂ ਮੁਆਫੀ ਮੰਗੀ ਹੈ।
ਇਹ ਵੀ ਪੜ੍ਹੋ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਸ਼੍ਰੀ ਰਾਮ ਨੂੰ ਸ਼ਾਤਿਰ 'ਤੇ ਰਾਵਣ ਨੂੰ ਨੇਕ ਦਿਲ ਕਹਿਣ ਵਾਲੀ ਪ੍ਰੋਫ਼ੈਸਰ ਕੀਤੀ ਬਰਖ਼ਾਸਤ