ਜਲੰਧਰ: ਪੰਜਾਬ ਵਿੱਚ ਭਾਖੜਾ ਡੈਮ ਤੋਂ ਛੱਡੇ ਗਏ ਪਾਣੀ ਨਾਲ ਸਤਲੁਜ ਦਰਿਆ ਕਿਨਾਰੇ ਰਹਿ ਰਹੇ ਸੈਂਕੜੇ ਪਿੰਡ ਪਾਣੀ ਦੀ ਚਪੇਟ ਵਿੱਚ ਆ ਗਏ ਹਨ। ਜਲੰਧਰ ਦੇ ਨਾਲ ਲਗਦੇ ਕਈ ਪਿੰਡਾਂ 'ਚ ਸਤਲੂਜ ਦਰਿਆ ਦਾ ਪਾਣੀ ਵੜਨ ਕਾਰਨ ਲੋਕਾਂ ਦਾ ਜਨ- ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ।
ਜਲੰਧਰ ਦੇ ਲੋਹੀਆਂ ਇਲਾਕੇ 'ਚ ਸਤਲੁਜ ਦਰਿਆ ਦਾ ਪਾਣੀ ਕਈ ਜਗ੍ਹਾ 'ਤੇ ਬਣੇ ਹੋਏ ਬੰਨ੍ਹ ਨੂੰ ਤੋੜਦਾ ਹੋਇਆ ਪਿੰਡਾਂ ਵਿੱਚ ਵੜ੍ਹ ਗਿਆ ਹੈ। ਦਰਿਆ ਦੇ ਪਾਣੀ ਕਾਰਨ ਪਿੰਡ ਦੇ ਲੋਕਾਂ ਦੀਆਂ ਫਸਲਾਂ ਖ਼ਰਾਬ ਹੋ ਗਈਆਂ ਹਨ, ਘਰਾਂ ਵਿੱਚ ਪਾਣੀ ਵੜ ਗਿਆ ਹੈ। ਕਿਸਾਨਾਂ ਦੇ ਖੇਤ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਹਨ। ਲੋਕ ਆਪਣੇ ਘਰਾਂ ਦਿਆਂ ਛੱਤਾ 'ਤੇ ਚੜ੍ਹੇ ਹੋਏ ਹਨ।
ਉੱਥੇ ਹੀ ਪਾਣੀ ਦੇ ਨਾਲ ਲੋਕ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਰਹੇ ਹਨ। ਪ੍ਰਸ਼ਾਸਨ ਵੱਲੋਂ ਕਿਸੇ ਤਰੀਕੇ ਦੀ ਮਦਦ ਇਸ ਇਲਾਕੇ ਵਿੱਚ ਨਹੀਂ ਪਹੁੰਚ ਰਹੀ ਹੈ। ਹਾਲਾਤ ਇਹ ਹੈ ਕਿ ਆਪਣੇ ਮਵੇਸ਼ੀਆਂ ਅਤੇ ਘਰਾਂ ਦੇ ਸਾਮਾਨ ਨੂੰ ਬਾਹਰ ਲਿਆਉਣ ਲਈ ਜਿਸ ਬੇੜੀ ਦਾ ਇਹ ਲੋਕ ਇਸਤੇਮਾਲ ਕਰ ਰਹੇ ਹਨ ਉਸ ਦਾ ਵੀ ਪ੍ਰਸ਼ਾਸਨ ਵੱਲੋਂ ਇੱਕ ਹਜ਼ਾਰ ਰੁਪਏ ਕਿਰਾਇਆ ਲਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਇਸ ਇਲਾਕੇ ਦੀ ਅਣਦੇਖੀ ਕਰ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।