ਜਲੰਧਰ: ਸ਼ਹਿਰ ਦੀ ਸਬਜ਼ੀ ਮੰਡੀ ਵਿਖੇ ਸਬਜ਼ੀ ਵੇਚਣ ਵਾਲਿਆਂ ਦੀ ਭੀੜ ਲਗਾਤਾਰ ਵਧਦੀ ਜਾ ਰਹੀ ਹੈ। ਉਧਰ ਦੂਸਰੇ ਪਾਸੇ ਪ੍ਰਸ਼ਾਸਨ ਵੱਲੋਂ ਸਬਜ਼ੀ ਮੰਡੀ ਨੂੰ ਹੋਰ ਖੁੱਲ੍ਹੇ ਇਲਾਕੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ ਤਾਂ ਕਿ ਸਬਜ਼ੀ ਵਿਕਰੇਤਾਵਾਂ ਦੇ ਨਾਲ-ਨਾਲ ਸਬਜ਼ੀ ਖਰੀਦਣ ਵਾਲੇ ਇੱਕ ਦੂਜੇ ਨਾਲ ਦੂਰੀ ਬਣਾ ਕੇ ਰੱਖ ਸਕਣ।
ਪਿਛਲੇ ਕਈ ਦਿਨਾਂ ਤੋਂ ਕਰਫਿਊ ਲੱਗਿਆ ਹੋਇਆ ਹੈ। ਜਿਸ ਕਾਰਨ ਇਨ੍ਹਾਂ ਲੋਕਾਂ ਕੋਲ ਸਿਰਫ਼ ਸਬਜ਼ੀ ਵੇਚਣ ਤੋਂ ਇਲਾਵਾ ਹੋਰ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ। ਇਹ ਸਭ ਲੋਕ ਸਵੇਰੇ ਹੀ ਰੇਹੜੀਆਂ ਲੈ ਕੇ ਸਬਜ਼ੀ ਮੰਡੀ ਵਿਖੇ ਪਹੁੰਚ ਜਾਂਦੇ ਹਨ। ਇਸ ਨਾਲ ਸਬਜ਼ੀ ਮੰਡੀ ਵਿਖੇ ਪਹਿਲੇ ਨਾਲੋਂ ਵੀ ਜ਼ਿਆਦਾ ਭੀੜ ਨਜ਼ਰ ਆਉਂਦੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੰਡੀ ਸੈਕਟਰੀ ਦਵਿੰਦਰ ਸਿੰਘ ਕੈਂਥ ਨੇ ਦੱਸਿਆ ਕਿ ਸਬਜ਼ੀ ਮੰਡੀ ਵਿਖੇ ਪਹਿਲਾ ਨਾਲੋਂ ਜ਼ਿਆਦਾ ਲੋਕ ਆਪਣੀਆਂ ਰੇਹੜੀਆਂ ਲੈ ਕੇ ਪਹੁੰਚ ਰਹੇ ਹਨ। ਕਿਉਂਕਿ ਇਹ ਉਹ ਲੋਕ ਨੇ ਜਿਹੜੇ ਲੌਕਡਾਊਨ ਅਤੇ ਕਰਫਿਊ ਕਰਕੇ ਇਸ ਵੇਲੇ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ।