ਜਲੰਧਰ: ਬਸੰਤ ਪੰਚਮੀ ਲੰਘਣ ਦੇ ਬਾਵਜੂਦ ਵੀ ਪੰਜਾਬ ਵਿੱਚ ਚਾਈਨਾ ਡੋਰ ਦਾ ਕਹਿਰ ਮਨੁੱਖ ਤੇ ਪੰਛੀਆਂ ਉੱਤੇ ਲਗਾਤਾਰ ਜਾਰੀ ਹੈ। ਅਜਿਹਾ ਹੀ ਮਾਮਲਾ ਫਗਵਾੜਾ ਤੋਂ ਆਇਆ, ਜਿੱਥੇ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ 2 ਨੌਜਵਾਨਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਨ੍ਹਾਂ ਦੀ ਪਛਾਣ ਸਾਹਿਲ ਪੁੱਤਰ ਰਣਵੀਰ ਸਿੰਘ ਵਾਸੀ ਪਿੰਡ ਫਤਿਹਗੜ੍ਹ ਤੇ ਅਜੈ ਕੁਮਾਰ ਵਾਸੀ ਫਗਵਾੜਾ ਵਜੋਂ ਹੋਈ ਹੈ। ਦੋਵੇਂ ਨੌਜਵਾਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।
ਪਿੰਡ ਫਤਿਹਗੜ੍ਹ ਦਾ ਨੌਜਵਾਨ ਗੰਭੀਰ ਜ਼ਖਮੀ:- ਮਿਲੀ ਜਾਣਕਾਰੀ ਮੁਤਾਬਕ ਸਾਹਿਲ ਵਾਸੀ ਪਿੰਡ ਫਤਿਹਗੜ੍ਹ ਆਪਣੀ ਨਾਨੀ ਨਾਲ ਨੂਰਮਹਿਲ ਸਾਈਡ ਤੋਂ ਐਕਟਿਵਾ ‘ਤੇ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਫਗਵਾੜਾ ਵਿਖੇ ਰਾਸਤੇ ‘ਚ ਚਾਈਨਾ ਡੋਰ ਦੀ ਲਪੇਟ ‘ਚ ਆ ਗਿਆ। ਜਿਸ ਨਾਲ ਉਸ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ।
ਪੰਜਾਬ ਵਿੱਚ ਚਾਈਨਾ ਡੋਰ ਦੀ ਵਰਤੋਂ ਆਮ ਹੋ ਰਹੀ :- ਇਸ ਮੌਕੇ ਗੱਲਬਾਤ ਕਰਦੇ ਹੋਏ ਜ਼ਖ਼ਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਚਾਈਨਾ ਡੋਰ ਦੀ ਚਪੇਟ ‘ਚ ਆਉਣ ਨਾਲ ਕਾਫੀ ਜ਼ਖ਼ਮੀ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਵੇ ਕਿ ਪ੍ਰਸ਼ਾਸਨ ਵੱਲੋ ਚਾਈਨਾ ਡੋਰ ਦੀ ਵਰਤੋ ‘ਤੇ ਪਾਬੰਦੀ ਦੀ ਗੱਲ ਕਹੀ ਜਾ ਰਹੀ ਹੈ ਪਰ ਇਸ ਹਾਦਸੇ ਤੋਂ ਲੱਗਦਾ ਹੈ ਕਿ ਚਾਈਨਾ ਡੋਰ ਦੀ ਵਰਤੋਂ ਆਮ ਹੋ ਰਹੀ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਪਾਸੋ ਮੰਗ ਕੀਤੀ ਹੈ ਕਿ ਚਾਈਨਾ ਡੋਰ ਦੀ ਵਿਕਰੀ ਤੇ ਵਰਤੋ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਜਾਵੇ।
ਪ੍ਰਸ਼ਾਸਨ ਪਾਸੋ ਚਾਈਨਾ ਡੋਰ ਨੂੰ ਬੰਦ ਕਰਵਾਉਣ ਦੀ ਗੁਹਾਰ ਲਗਾਈ:- ਦੂਸਰੀ ਘਟਨਾ ਫਗਵਾੜਾ ਦੇ ਬੰਗਾ ਰੋਡ ਵਿਖੇ ਵਾਪਰੀ ਜਿੱਥੇ ਕਿ 19 ਸਾਲਾ ਨੌਜਵਾਨ ਇਸ ਚਾਈਨਾ ਡੋਰ ਦੀ ਚਪੇਟ ‘ਚ ਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਨੌਜਵਾਨ ਅਜੈ ਕੁਮਾਰ ਦੀ ਮਾਂ ਨੇ ਦੱਸਿਆ ਕਿ ਉਹ ਬਸਰਾ ਪੈਲੇਸ ਨਜ਼ਦੀਕ ਘਰ ਨੂੰ ਜਾ ਰਿਹਾ ਸੀ ਤਾਂ ਇਸ ਡੋਰ ਦੀ ਚਪੇਟ ‘ਚ ਆ ਕੇ ਜ਼ਖਮੀ ਹੋ ਗਿਆ। ਉਨ੍ਹਾਂ ਪ੍ਰਸ਼ਾਸਨ ਪਾਸੋ ਚਾਈਨਾ ਡੋਰ ਨੂੰ ਬੰਦ ਕਰਵਾਉਣ ਦੀ ਗੁਹਾਰ ਲਗਾਈ ਹੈ।
ਇਹ ਵੀ ਪੜੋ:- Two groups fired in Moga: ਆਪਸੀ ਰੰਜਿਸ਼ ਕਾਰਨ 2 ਗੁੱਟਾਂ ਵਿੱਚ ਚੱਲੀ ਗੋਲੀ, 3 ਜ਼ਖਮੀ