ਜਲੰਧਰ: ਅਬਾਦਪੁਰਾ ਕੋਲ ਬੀਤੀ ਰਾਤ ਤੇਜ਼ ਰਫਤਾਰ ਕਾਰ ਪਲਟਣ ਕਾਰਨ ਦੋ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਕਾਰ ਦੀ ਸੀਟ ਦੇ ਪਿੱਛੇ ਬੈਠਾ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਸਥਾਨਕ ਨਿਵਾਸੀ ਨੇ ਦੱਸਿਆ ਕਿ ਉਹ ਆਪਣੇ ਘਰ ਵਿੱਚ ਟੀ.ਵੀ. ਦੇਖ ਰਿਹਾ ਸੀ ਤਾਂ ਉਸ ਨੂੰ ਕਾਰ ਪਲਟਣ ਦੀ ਆਵਾਜ਼ ਆਈ।
ਜਦ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਇੱਕ ਚਿੱਟੇ ਰੰਗ ਦੀ ਕਾਰ ਪਲਟੀ ਹੋਈ ਸੀ। ਕਾਰ ਪਲਟੀ ਦੇਖ ਕਈ ਲੋਕ ਉੱਥੇ ਇਕੱਠੇ ਹੋ ਗਏ ਅਤੇ ਕਾਰ ਨੂੰ ਸਿੱਧਾ ਕਰਨ ਲੱਗੇ। ਇਸ ਦੌਰਾਨ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਤਿੰਨੇ ਦੋਸਤ ਕਿਸੇ ਨਿੱਜੀ ਹੋਟਲ ਵਿੱਚ ਖਾਣਾ ਖਾ ਕੇ ਆਪਣੇ ਘਰ ਵੱਲ ਜਾ ਰਹੇ ਸੀ। ਕਾਰ ਬਾਜ਼ਾਰ ਵਿੱਚ ਕੰਮ ਕਰਨ ਵਾਲਾ ਜਸਪ੍ਰੀਤ ਸਿੰਘ ਕਾਰ ਚਲਾ ਰਿਹਾ ਸੀ ਅਤੇ ਨੀਂਦ ਦੀ ਝਪਕੀ ਲੱਗਣ ਮਗਰੋਂ ਕਾਰ ਡਿਵਾਈਡਰ ਨਾਲ ਟਕਰਾਅ ਕੇ ਪਲਟ ਗਈ।
ਇਸ ਹਾਦਸੇ ਵਿੱਚ ਅਮਿਤ ਚੌਹਾਨ ਅਤੇ ਜਸਪ੍ਰੀਤ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਨ੍ਹਾਂ ਦੇ ਦੋਸਤ ਪੰਮੀ ਨੂੰ ਗੰਭੀਰ ਸੱਟਾਂ ਆਈਆਂ ਹਨ। ਪੁਲਿਸ ਮੁਤਾਬਕ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭਿਜਵਾ ਦਿੱਤੀਆਂ ਗਈਆਂ ਹਨ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।