ਜਲੰਧਰ: ਜ਼ਿਲ੍ਹੇ ਦੇ ਪਿੰਡ ਜੱਜਾ ਖੁਰਦ ਵਿੱਚ ਦੋ ਧਿਰਾਂ ਜ਼ਮੀਨੀ ਵਿਵਾਦ ਨੂੰ ਲੈ ਕੇ ਆਹਮਣੇ ਸਾਹਮਣੇ ਹੋ ਗਈਆਂ ਹਨ। ਜ਼ਮੀਨੀ ਵਿਵਾਦ ਨੂੰ ਲੈ ਕੇ ਐਨਆਰਆਈ 95 ਸਾਲਾਂ ਬਜ਼ੁਰਗ ਨੇ ਆਪਣੇ ਹੀ ਸ਼ਰੀਕੇ ਦੀ ਮਹਿਲਾ 'ਤੇ ਜ਼ਬਰ ਜ਼ਮੀਨ 'ਤੇ ਕਬਜ਼ਾ ਕਰਨ ਦੇ ਇਲਜ਼ਾਮ ਲਗਾਏ ਹਨ। ਇਸ ਮਾਮਲੇ ਵਿੱਚ ਦੂਜੀ ਧਿਰ ਨੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ।
ਪੀੜਤ ਬਜ਼ੁਰਗ ਪਿਆਰਾ ਸਿੰਘ ਨੇ ਦੱਸਿਆ ਕਿ ਉਸ ਨੇ ਦਸ ਸਾਲ ਪਹਿਲਾਂ ਉਸ ਨੇ ਨਵਜੋਤ ਕੌਰ ਤੋਂ ਸੱਤ ਮਰਲੇ ਜ਼ਮੀਨ ਖਰੀਦੀ ਸੀ। ਉਨ੍ਹਾਂ ਨੇ ਦੱਸਿਆ ਕਿ ਹੁਣ ਨਵਜੋਤ ਕੌਰ ਮੁੜ ਦਸ ਸਾਲਾਂ ਬਾਅਦ ਜ਼ਬਰਨ ਉਸ ਦੀ ਜ਼ਮੀਨ 'ਤੇ ਕਬਜ਼ਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਵਜੋਤ ਕੌਰ ਵੱਲੋਂ ਉਸ ਦੇ ਕਾਮਿਆਂ ਨੂੰ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਾਈ ਹੈ।
ਇਸ ਮਾਮਲੇ ਬਾਰੇ ਪਿੰਡ ਦੀ ਸਰਪੰਚ ਗੁਰਬਖਸ਼ ਕੌਰ ਨੇ ਕਿਹਾ ਕਿ ਬਜ਼ੁਰਗ ਪਿਆਰਾ ਸਿੰਘ ਨਾਲ ਨਵਜੋਤ ਕੌਰ ਧੱਕਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਪਿੰਡ ਦੀ ਪੰਚਾਇਤ ਵੱਲੋਂ ਨਵਜੋਤ ਕੌਰ ਨੂੰ ਬੁਲਾਇਆ ਗਿਆ ਸੀ ਪਰ ਨਵਜੋਤ ਕੌਰ ਨਹੀਂ ਆਈ। ਉਨ੍ਹਾਂ ਨੇ ਕਿਹਾ ਕਿ ਪਿਆਰਾ ਸਿੰਘ ਨੇ ਉਨ੍ਹਾਂ ਨੂੰ ਮੁਖਤਿਆਰਨਾਮਾ ਦਿੱਤਾ ਹੈ ਅਤੇ ਉਹ ਇਸ ਮਾਮਲੇ ਨੂੰ ਅਦਾਲਤੀ ਤਰੀਕੇ ਨਾਲ ਲੜ ਰਹੇ ਹਨ।
ਇਸ ਸਾਰੇ ਮਾਮਲੇ ਬਾਰੇ ਨਵਜੋਤ ਕੌਰ ਨੇ ਦੱਸਿਆ ਕਿ ਉਨਾਂ੍ਹ ਦੇ ਪਤੀ ਦੀ ਮੌਤ ਹੋ ਚੁੱਕੀ ਹੈ, ਜਿਸ ਜ਼ਮੀਨ ਦਾ ਰੌਲਾ ਹੈ ਉਹ ਉਸ ਦੇ ਬੱਚਿਆਂ ਦੇ ਨਾਮ ਹੈ। ਨਵਜੋਤ ਕੌਰ ਨੇ ਦੱਸਿਆ ਕਿ ਇਸ ਵਿਵਾਦ ਵਿੱਚ ਅਦਾਲਤ ਨੇ ਜੋ ਸਟੇਅ ਸਨ ਉਹ ਤੋੜ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਦੀ ਸਰਪੰਚ ਅਤੇ ਪਿਆਰਾ ਸਿੰਘ ਉਸ ਨੂੰ ਜਾਣਬੁੱਝ ਕੇ ਤੰਗ ਕਰ ਰਹੇ ਹਨ।
ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀ ਸੁਖਵਿੰਦਰ ਪਾਲ ਨੇ ਕਿਹਾ ਕਿ ਦੋਵੇਂ ਧਿਰਾਂ ਨੂੰ ਥਾਣਾ ਮੁਖੀ ਨੇ ਬੁਲਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਵੇਂ ਧਿਰਾਂ ਕਾਨੂੰਨੀ ਲੜਾਈ ਲੜ ਰਹੀਆਂ ਹਨ। ਉਨ੍ਹਾਂ ਨੇ ਕਿਹਾ ਦੋਵੇਂ ਧਿਰਾਂ ਦੇ ਕਾਗਜਾਤ ਦੀ ਪੜਤਾਲ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਹਿਸਾਬ ਨਾਲ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।