ਜਲੰਧਰ: ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਭਾਰਤ ਸਰਕਾਰ ਨੇ 15 ਅਪ੍ਰੈਲ ਤੱਕ ਭਾਰਤ ਆਉਣ ਵਾਲੇ ਸਾਰੇ ਵੀਜ਼ੇ ਰੱਦ ਕਰ ਦਿੱਤੇ ਹਨ, ਸਰਕਾਰ ਨੇ ਇਹ ਫ਼ੈਸਲਾ ਬੇਸ਼ਕ ਚੌਕਸੀ ਵਰਤਦਿਆਂ ਲਿਆ ਹੈ ਪਰ ਇਨ੍ਹਾਂ ਨਿਰਦੇਸ਼ਾਂ ਦੇ ਨਾਲ ਕਈ ਲੋਕਾਂ ਨੂੰ ਆਰਥਿਕ ਪ੍ਰੇਸ਼ਾਨੀਆਂ ਵੀ ਪੈ ਰਹੀਆਂ ਹਨ।
ਜਿਨ੍ਹਾਂ ਲੋਕਾਂ ਨੇ ਵੱਖ-ਵੱਖ ਏਅਰਲਾਈਨਜ਼ ਦੀਆਂ ਈ-ਟਿਕਟਾਂ ਬੁੱਕ ਕਰਵਾਈ ਸਨ। ਉਨ੍ਹਾਂ ਲੋਕਾਂ ਨੂੰ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਜਲੰਧਰ ਦੇ ਰਹਿਣ ਵਾਲੇ ਨਿਖਿਲ ਸ਼ਰਮਾ ਦੇ ਪਰਿਵਾਰ ਨੂੰ ਕੋਰੋਨਾ ਵਾਇਰਸ ਕਾਰਨ ਵੱਡੀ ਸੱਟ ਵੱਜੀ ਹੈ। ਨਿਖਿਲ ਸ਼ਰਮਾ ਦੇ ਪਰਿਵਾਰ ਨੇ ਵੱਖ-ਵੱਖ ਦੇਸ਼ਾਂ ਵਿੱਚ ਘੁੰਮਣ ਜਾਣਾ ਸੀ ਪਰ ਸਰਕਾਰ ਦੇ ਨਿਰਦੇਸ਼ਾਂ ਕਾਰਨ ਹੁਣ ਨਹੀਂ ਜਾ ਸਕਦੇ, ਜਿਸ ਕਾਰਨ ਉਨ੍ਹਾਂ ਦਾ 3 ਲੱਖ ਦੇ ਕਰੀਬ ਨੁਕਸਾਨ ਹੋ ਗਿਆ ਹੈ।
ਨਿਖਿਲ ਸ਼ਰਮਾ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੇ ਦੋਵੇਂ ਬੱਚੇ ਅਮਰੀਕਾ ਦੇ ਨਾਗਰਿਕ ਹਨ। ਉਨ੍ਹਾਂ ਨੇ ਪਰਿਵਾਰ ਸਮੇਤ ਥਾਈਲੈਂਡ, ਵੈਨਕੂਵਰ, ਵਾਸ਼ਿੰਗਟਨ, ਕੈਲੀਫੋਰਨੀਆਂ ਤੇ ਹੋਰ ਕਈ ਜਗ੍ਹਾ ਘੁੰਮਣ ਜਾਣਾ ਸੀ ਅਤੇ ਇਸ ਟੂਰ ਮੁਤਾਬਕ ਉਨ੍ਹਾਂ ਨੇ 14 ਮਾਰਚ ਨੂੰ ਭਾਰਤ ਤੋਂ ਰਵਾਨਾ ਹੋਣਾ ਸੀ ਤੇ 12 ਅਪ੍ਰੈਲ ਨੂੰ ਭਾਰਤ ਪਰਤਣਾ ਸੀ ਪਰ ਬੀਤੇ ਦਿਨ ਭਾਰਤ ਸਰਕਾਰ ਵੱਲੋਂ 15 ਅਪ੍ਰੈਲ ਤੱਕ ਸਾਰੀਆਂ ਕੌਮਾਂਤਰੀ ਉਡਾਣਾਂ ਨੂੰ ਰੋਕੇ ਜਾਣ ਤੋਂ ਬਾਅਦ ਉਨ੍ਹਾਂ ਦਾ ਸਾਰਾ ਪਲਾਨ ਖ਼ਰਾਬ ਹੋ ਗਿਆ ਹੈ ਕਿਉਂਕਿ ਜੇਕਰ ਉਹ ਆਪਣੇ ਟੂਰ ਮੁਤਾਬਕ ਭਾਰਤ ਤੋਂ ਰਵਾਨਾ ਹੋ ਜਾਂਦੇ ਹਨ ਤਾਂ ਵਾਪਸੀ ਵੇਲੇ ਭਾਰਤ ਵਿੱਚ ਉਨ੍ਹਾਂ ਨੂੰ ਦਾਖ਼ਲਾ ਨਹੀਂ ਮਿਲੇਗਾ ਤੇ ਬਾਹਰਲੇ ਮੁਲਕ ਵਿੱਚ ਓਵਰ ਸਟੇਅ ਹੋਣ ਕਾਰਨ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਹੋਣ ਦਾ ਵੀ ਡਰ ਬਣਿਆ ਰਹੇਗਾ।
ਪਰਿਵਾਰ ਨੂੰ ਦੱਸਿਆ ਕਿ ਉਨ੍ਹਾਂ ਸਾਰੀ ਸਥਿਤੀ ਨੂੰ ਵੇਖਦਿਆਂ ਹੁਣ ਆਪਣਾ ਟੂਰ ਰੱਦ ਕਰ ਦਿੱਤਾ ਹੈ ਤੇ ਇਸ ਟੂਰ ਲਈ ਬੁੱਕ ਕਰਵਾਈਆਂ ਟਿਕਟਾਂ ਉੱਤੇ ਕਰੀਬ ਆਇਆ ਤਿੰਨ ਲੱਖ ਰੁਪਏ ਦਾ ਖਰਚਾ ਮਿੱਟੀ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਕਿਸੇ ਵੀ ਏਅਰਲਾਈਨ ਵੱਲੋਂ ਪੈਸੇ ਰਿਫੰਡ ਕਰਨ ਦੀ ਕੋਈ ਤਜਵੀਜ਼ ਨਹੀਂ ਹੈ।
ਇਹ ਵੀ ਪੜੋ: ਸਰਕਾਰ ਦੇ 3 ਸਾਲ ਪੂਰੇ ਹੋਣ 'ਤੇ ਕੈਪਟਨ ਨੇ ਰੱਜ ਕੇ ਬੋਲਿਆ ਝੂਠ: ਸੁਖਬੀਰ ਬਾਦਲ
ਪੀੜਤ ਪਰਿਵਾਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਲੋਕਾਂ ਦੀ ਸਿਹਤ ਨੂੰ ਵੇਖਦਿਆਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਉੱਥੇ ਹੀ ਲੋਕਾਂ ਦੇ ਆਰਥਿਕ ਨੁਕਸਾਨ ਨੂੰ ਬਚਾਉਣ ਲਈ ਏਅਰਲਾਈਨਜ਼ ਜਾਂ ਟੂਰ ਕੰਪਨੀਆਂ ਨੂੰ ਵੀ ਸਹਿਯੋਗ ਕਰਨ ਲਈ ਸਖ਼ਤ ਨਿਰਦੇਸ਼ ਦਿੱਤੇ ਜਾਣ ਕਿਉਂਕਿ ਅਜਿਹੇ ਅਨੇਕਾਂ ਲੋਕ ਹਨ ਜੋ ਇਸ ਸਥਿਤੀ ਦਾ ਸਾਹਮਣਾ ਕਰ ਰਹੇ ਹਨ।