ਜਲੰਧਰ: ਕਸਬਾ ਗੋਰਾਇਆਂ ਵਿਖੇ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਅਤੇ ਲੁੱਟ-ਖੋਹਾਂ ਵਧਦੀਆਂ ਜਾ ਰਹੀਆਂ ਹਨ। ਜਿਥੇ ਵਾਰਡ ਨੰਬਰ ਦੋ ਵਿੱਚੋਂ ਚੋਰੀ ਦੀ ਘਟਨਾ ਸਾਹਮਣੇ ਆ ਰਹੀ ਹੈ, ਉਥੇ ਇੱਕ ਵਿਅਕਤੀ ਨਾਲ ਲੁੱਟ ਹੋਣ ਦੀ ਸੂਚਨਾ ਹੈ। ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਜਾਂਚ ਅਰੰਭ ਦਿੱਤੀ ਹੈ।
ਗੋਰਾਇਆਂ ਦੇ ਵਾਰਡ ਨੰਬਰ ਦੋ ਵਿੱਚ ਚੋਰੀ ਦੀ ਘਟਨਾ ਬਾਰੇ ਬਲਬੀਰ ਚੰਦ ਪੁੱਤਰ ਹਰਨਾਮ ਚੰਦ ਨੇ ਦੱਸਿਆ ਕਿ ਰਾਤ ਨੂੰ ਜਦੋਂ ਉਹ ਸੁੱਤੇ ਪਏ ਸਨ ਤਾਂ ਚੋਰਾਂ ਨੇ ਵਾਰਡ ਦੇ ਕਈ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ 8 ਮੋਬਾਈਲ ਚੋਰੀ ਕਰ ਲਏ ਹਨ। ਉਨ੍ਹਾਂ ਦੇ ਘਰ ਵਿੱਚੋਂ ਵੀ ਦੋ ਮੋਬਾਈਲ ਉਸਦਾ ਤੇ ਉਸਦੀ ਪਤਨੀ ਦਾ ਚੋਰੀ ਹੋਏ ਹਨ, ਜਿਸ ਬਾਰੇ ਸਵੇਰੇ ਪਤਾ ਲੱਗਿਆ।
ਦੂਜੇ ਪਾਸੇ ਲੁੱਟ ਦਾ ਸ਼ਿਕਾਰ ਹੋਏ ਸੰਤੋਖ ਰਾਜ ਪੁੱਤਰ ਦਰਸ਼ਨ ਰਾਮ ਨਿਵਾਸੀ ਨੇ ਦੱਸਿਆ ਕਿ ਉਹ ਰਸਤੇ ਵਿਚ ਫੋਨ 'ਤੇ ਗੱਲ ਕਰ ਰਿਹਾ ਸੀ ਕਿ ਪਿੱਛੋਂ ਦੋ ਮੋਟਰਸਾਈਕਲ ਸਵਾਰ ਆਏ ਅਤੇ ਉਸਦਾ ਫੋਨ ਝਪਟ ਮਾਰ ਕੇ ਫ਼ਰਾਰ ਹੋ ਗਏ।
ਉਧਰ, ਇਲਾਕੇ ਵਿੱਚ ਹੋਈਆਂ ਚੋਰੀ ਅਤੇ ਲੁੱਟ-ਖੋਹ ਦੀਆਂ ਵਾਪਰ ਰਹੀਆਂ ਘਟਨਾਵਾਂ ਬਾਰੇ ਵਾਰਡ ਨੰਬਰ ਦੇ ਕੌਂਸਲਰ ਰੌਸ਼ਨ ਲਾਲ ਬਿੱਟੂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਗੋਰਾਇਆਂ ਵਿਖੇ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਚੋਰਾਂ ਨੂੰ ਨੱਥ ਪਾਈ ਜਾਵੇ ਅਤੇ ਪੀੜਤਾਂ ਨੂੰ ਉਨ੍ਹਾਂ ਦਾ ਸਾਮਾਨ ਉਨ੍ਹਾਂ ਨੂੰ ਵਾਪਸ ਦਿਵਾਇਆ ਜਾਵੇ।