ਚੰਡੀਗੜ੍ਹ: ਜਲੰਧਰ ਜ਼ਿਮਨੀ ਚੋਣ ਦੇ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ। ਆਮ ਆਦਮੀ ਪਾਰਟੀ ਦੇ ਸ਼ੁਸ਼ੀਲ ਕੁਮਾਰ ਰਿੰਕੂ ਜਲੰਧਰ ਦੇ ਸਿਕੰਦਰ ਬਣ ਗਏ ਹਨ। ਸੁਸ਼ੀਲ ਕੁਮਾਰ ਰਿੰਕੂ ਨੇ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 58 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਹਰਾਇਆ। ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਜਲੰਧਰ ਲੋਕ ਸਭਾ ਹਲਕੇ ਵਿਚ ਡੇਰੇ ਲਗਾਏ ਹੋਏ ਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਅਤੇ ਰੈਲੀਆਂ ਨੇ ਜਲੰਧਰ ਦੇ ਸਿਆਸੀ ਸਮੀਕਰਨ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ। ਜਿਹਨਾਂ ਕੋਸ਼ਿਸ਼ਾਂ ਨੂੰ ਅੱਜ ਬੂਰ ਪਿਆ ਅਤੇ ਵੱਡੇ ਮਾਰਜਨ ਨਾਲ ਆਮ ਆਦਮੀ ਪਾਰਟੀ ਦੀ ਜਿੱਤ ਹੋਈ।
'ਆਪ' ਦੇ ਰਾਸਤੇ 'ਚ ਆਈਆ ਚੁਣੌਤੀਆਂ: ਹਾਲਾਂਕਿ ਆਮ ਆਦਮੀ ਪਾਰਟੀ ਉੱਤੇ ਚੋਣਾਂ ਦੌਰਾਨ ਵਿਰੋਧੀ ਧਿਰਾਂ ਹਮਲਾਵਰ ਰਹੀਆਂ। ਆਮ ਆਦਮੀ ਪਾਰਟੀ ਉੱਤੇ ਬੂਥ ਕੈਪਚਰਿੰਗ ਅਤੇ ਗੁੰਡਾਗਰਦੀ ਦੇ ਇਲਜ਼ਾਮ ਲੱਗੇ। 'ਆਪ' ਦੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਸ਼ਲੀਲ ਵੀਡੀਓ ਨੂੰ ਵਿਰੋਧੀਆਂ ਨੇ ਵੱਡਾ ਮੁੱਦਾ ਬਣਾ ਕੇ ਪੇਸ਼ ਵੀ ਕੀਤਾ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੀ 'ਆਪ' ਸਰਕਾਰ ਖਿਲਾਫ਼ ਪ੍ਰਚਾਰ ਕਰਨ ਲਈ ਜਲੰਧਰ ਵਿਚ ਇਨਸਾਫ਼ ਮਾਰਚ ਕੱਢਿਆ। ਕਈ ਵਿਵਾਦਾਂ ਅਤੇ ਇਲਜ਼ਾਮਾਂ 'ਚ ਘਿਰੀ ਆਮ ਆਦਮੀ ਪਾਰਟੀ ਨੇ ਜਲੰਧਰ ਦਾ ਚੋਣ ਮੈਦਾਨ ਸਰ ਕਰ ਲਿਆ। ਤੰਜ ਤਾਂ ਇਹ ਵੀ ਕੱਸਿਆ ਜਾ ਰਿਹਾ ਸੀ ਕਿ ਜਲੰਧਰ ਵਿਚ ਵੀ 'ਆਪ' ਨਾਲ ਸੰਗਰੂਰ ਵਾਲੀ ਹੋਵੇਗੀ ਜਿਸਦੇ ਵਿਚਾਲੇ ਨਤੀਜਿਆਂ ਨੇ ਪੂਰਾ ਉਲਟਫੇਰ ਕਰ ਦਿੱਤਾ ਹੈ। ਆਪ ਦੀ ਜਿੱਤ ਇਸ ਲਈ ਵੀ ਸ਼ਾਨਦਾਰ ਹੈ ਕਿਉਂਕਿ ਜਲੰਧਰ ਲੋਕ ਸਭਾ ਹਲਕਾ ਕਾਂਗਰਸ ਦਾ ਗੜ੍ਹ ਹੈ ਅਤੇ 50 ਸਾਲਾਂ ਤੋਂ ਇਥੇ ਕਾਂਗਰਸ ਦੇ ਐਮਪੀ ਜਿੱਤਦੇ ਆ ਰਹੇ ਸਨ। ਹੁਣ ਇਹ ਚਰਚਾਵਾਂ ਛਿੜ ਗਈਆਂ ਹਨ ਕਿ 'ਆਪ' ਦੀ ਇਸ ਇਸ ਵੱਡੀ ਲੀਡ ਪਿੱਛੇ ਕਿਹੜੇ ਵੱਡੇ ਫੈਕਟਰਸ ਨੇ ਕੰਮ ਕੀਤਾ। ਆਖਿਰ ਕਾਂਗਰਸ ਦਾ ਕਿਲ੍ਹਾ ਢਾਹੁਣ ਵਿਚ ਆਮ ਆਦਮੀ ਪਾਰਟੀ ਕਿਵੇਂ ਕਾਮਯਾਬ ਹੋਈ।
ਇਨ੍ਹਾਂ ਕਾਰਨਾਂ ਨੇ ਸੁਸ਼ੀਲ ਨੂੰ ਪਹੁੰਚਾਇਆ ਲੋਕ ਸਭਾ ਤੱਕ: ਜਿਥੇ ਜਲੰਧਰ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਨੇ ਨਵੀਆਂ ਚਰਚਾਵਾਂ ਛੇੜ ਦਿੱਤੀਆਂ ਹਨ। ਆਪ ਦੀ ਜਿੱਤ ਪਿੱਛੇ ਜਿਹੜੇ ਕਾਰਨ ਨੇ ਕੰਮ ਕੀਤਾ ਉਹਨਾਂ ਫੈਕਟਰਾਂ ਦੀ ਘੋਖ ਕੀਤੀ ਜਾ ਰਹੀ ਹੈ। ਜਿਸ 'ਚ ਪਾਰਟੀ ਦੇ ਕਈ ਕੰਮਾਂ ਨੂੰ ਆਧਾਰ ਬਣਾਇਆ ਗਿਆ। ਮੁਫ਼ਤ ਬਿਜਲੀ, ਮੁਹੱਲਾ ਕਲੀਨਿਕ, ਸਕੂਲ ਆਫ ਐਮੀਨੈਂਸ, ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਅਤੇ ਪੰਜਾਬ ਵਿਚ 28 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਹੋਕਾ ਜਲੰਧਰ ਜ਼ਿਮਨੀ ਚੋਣਾਂ ਦੇ ਪ੍ਰਚਾਰ ਵਿਚ ਦਿੱਤਾ ਗਿਆ। ਹੁਣ ਜਿੱਤ ਤੋਂ ਬਾਅਦ ਵੀ ਪਾਰਟੀ ਦਾ ਇਹੀ ਦਾਅਵਾ ਹੈ ਕਿ ਇਨ੍ਹਾਂ ਕੰਮਾਂ ਨੇ ਹੀ ਲੋਕਾਂ ਦਾ ਪਿਆਰ ਆਮ ਆਦਮੀ ਪਾਰਟੀ ਦੀ ਝੋਲੀ ਵਿਚ ਪਾਇਆ। ਰਾਜਨੀਤਿਕ ਮਾਹਿਰਾਂ ਦੇ ਨਜ਼ਰੀਏ ਦੀ ਜੇ ਗੱਲ ਕਰੀਏ ਤਾਂ ਸਭ ਤੋਂ ਵੱਡਾ ਫੈਕਟਰ ਚੋਣ ਪ੍ਰਚਾਰ ਵਿਚ ਆਮ ਆਦਮੀ ਪਾਰਟੀ ਦੀ ਜੋਰ ਅਜਮਾਇਸ਼ ਦਾ ਹੈ। ਸੱਤਾ ਧਿਰ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਦਾ ਸਾਰਾ ਜ਼ੋਰ ਇਸ ਲਈ ਇਸ ਜ਼ਿਮਨੀ ਚੋਣ 'ਤੇ ਲੱਗਿਆ ਹੋਇਆ ਸੀ। ਕਿਉਂਕਿ ਆਮ ਆਦਮੀ ਪਾਰਟੀ ਸੰਗਰੂਰ ਦੀ ਜ਼ਿਮਨੀ ਚੋਣ ਪਹਿਲਾਂ ਹੀ ਹਾਰ ਗਈ ਸੀ ਜਿਸ ਕਰਕੇ ਜਲੰਧਰ ਜ਼ਿਮਨੀ ਚੋਣ ਹਰ ਹਾਲ ਪਾਰਟੀ ਜਿੱਤਣਾ ਚਾਹੁੰਦੀ ਸੀ।
"ਜਲੰਧਰ ਜ਼ਿਮਨੀ ਚੋਣ ਸਿਰਫ਼ ਕੁਝ ਮਹੀਨਿਆਂ ਦੇ ਹੀ ਕਾਰਜਕਾਲ ਲਈ ਹੈ ਜਿਸ ਕਰਕੇ ਲੋਕਾਂ ਨੇ ਵੋਟਾਂ ਵਿਚ ਉਤਸ਼ਾਹ ਨਹੀਂ ਵਿਖਾਇਆ। ਵੋਟਿੰਗ ਘੱਟ ਹੋਈ ਹੈ ਪਰ ਜਿੰਨੀ ਵੀ ਵੋਟਿੰਗ ਹੋਈ ਉਸ ਵਿਚ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਵੋਟ ਮਿਲਣ ਦਾ ਕਾਰਨ ਇਹ ਵੀ ਹੈ ਕਿ ਸੱਤਾ ਧਿਰ ਨੂੰ ਵੋਟ ਦੇ ਕੇ ਲੋਕ ਆਪਣਾ ਫਾਇਦਾ ਸਮਝਦੇ ਹਨ। ਕਿਉਂਕਿ ਸੱਤਾ ਧਿਰ ਨਾਲ ਸਬੰਧਿਤ ਉਮੀਦਵਾਰ ਦੇ ਕੰਮ ਹੋਣ 'ਤੇ ਹਲਕੇ ਦੇ ਵਿਕਾਸ ਅਤੇ ਗ੍ਰਾਂਟ ਦੀ ਸਹੀ ਤਰੀਕੇ ਨਾਲ ਹੀ ਵਰਤੋਂ ਹੁੰਦੀ ਹੈ।"- ਰਾਜਨੀਤਿਕ ਮਾਹਿਰ ਪ੍ਰੋਫੈਸਰ ਖਾਲਿਦਾ ਮੁਹੰਮਦ
'ਆਪ' ਲਈ ਮੁੱਛ ਦਾ ਸਵਾਲ ਸੀ ਜਲੰਧਰ ਚੋਣ: 'ਆਪ' ਦੀ ਜਿੱਤ ਪਿੱਛੇ ਜੋ ਫੈਕਟਰ ਵਿਚਾਰੇ ਜਾ ਰਹੇ ਹਨ ਉਹਨਾਂ ਵਿਚ ਸਭ ਤੋਂ ਵੱਡਾ ਇਹੀ ਸਾਹਮਣੇ ਆ ਰਿਹਾ ਹੈ ਕਿ ਇਹ ਚੋਣ 'ਆਪ' ਲਈ ਮੁੱਛ ਦਾ ਸਵਾਲ ਸੀ ਜਿਸਨੂੰ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਗਿਆ। ਦੂਜਾ ਸਭ ਤੋਂ ਵੱਡਾ ਫੈਕਟਰ ਆਪ ਦੀ ਜਿੱਤ ਪਿੱਛੇ ਮੁਫ਼ਤ ਬਿਜਲੀ ਦਾ ਹੈ। ਪੰਜਾਬ ਵਿਚ ਬਹੁਤੇ ਘਰਾਂ ਦੇ ਬਿੱਲ ਜ਼ੀਰੋ ਆਏ ਜੋ 'ਆਪ' ਨੂੰ ਜਿਤਾਉਣ ਵਿਚ ਸਭ ਤੋਂ ਵੱਡੀ ਭੂਮਿਕਾ ਨਿਭਾਅ ਗਿਆ। ਰਾਜਨੀਤਿਕ ਮਾਹਿਰ ਪ੍ਰੋਫੈਸਰ ਮਨਜੀਤ ਸਿੰਘ ਦੀ ਮੰਨੀਏ ਤਾਂ ਭਗਵੰਤ ਮਾਨ ਲਈ ਸੰਗਰੂਰ ਜ਼ਿਮਨੀ ਚੋਣਾਂ ਤੋਂ ਬਾਅਦ ਇਹ ਸਭ ਤੋਂ ਵੱਡੀ ਅਗਨੀ ਪ੍ਰੀਖਿਆ ਸੀ। ਜਿਸ ਨੂੰ ਉਹਨਾਂ ਪਾਸ ਕਰਕੇ ਵਿਖਾਇਆ ਅਤੇ ਜਿੱਤਣ ਵਿਚ ਪੂਰੀ ਤਾਕਤ ਲਗਾਈ। ਮੁਫ਼ਤ ਬਿਜਲੀ ਅਤੇ ਕੁਝ ਛੋਟੇ ਮੋਟੇ ਕੰਮਾਂ ਨੂੰ ਜਿਸ ਤਰ੍ਹਾਂ ਪ੍ਰਚਾਰਿਆ ਗਿਆ ਉਹ ਆਪ ਨੂੰ ਜਿਤਾਉਣ ਵਿਚ ਸਹਾਈ ਸਾਬਿਤ ਹੋਏ। 2012 'ਚ ਜਦੋਂ ਅਕਾਲੀ ਦਲ ਦੀ ਸਰਕਾਰ ਦੁਬਾਰਾ ਬਣੀ ਸੀ ਤਾਂ ਆਟਾ ਦਾਲ ਸਕੀਮ ਇਸਦਾ ਸਭ ਤੋਂ ਵੱਡਾ ਫੈਕਟਰ ਸਾਬਿਤ ਹੋਇਆ ਸੀ। ਇਹੀ ਕੰਮ ਮੁਫ਼ਤ ਬਿਜਲੀ ਨੇ ਕੀਤਾ।
ਕਾਂਗਰਸ ਅਤੇ ਅਕਾਲੀ ਦਲ ਲਈ ਸਬਕ : ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਇਹ ਲੋਕ ਸਭਾ ਸੀਟ ਖਾਲੀ ਹੋਈ। ਪਰ ਕਾਂਗਰਸ ਦੀ ਹਾਰ ਨੇ ਕਾਂਗਰਸ ਲਈ ਸਬਕ ਦੇ ਕਈ ਰਾਹ ਖੋਲ ਦਿੱਤੇ ਹਨ। ਇਕ ਹੀ ਵਾਰ ਨਹੀਂ ਕਈ ਵਾਰ ਕਾਂਗਰਸ ਇਸ ਸੀਟ ਤੋਂ ਜਿੱਤੀ ਅਤੇ ਇਹ ਲੋਕ ਸਭਾ ਹਲਕਾ ਕਾਂਗਰਸ ਦਾ ਗੜ੍ਹ ਹੈ। ਇਸ ਲਈ ਕਾਂਗਰਸ ਨੇ ਚੋਣ ਪ੍ਰਚਾਰ ਵਿਚ ਜ਼ਿਆਦਾ ਵਾਹ ਨਹੀਂ ਲਾਈ। ਦੂਜੇ ਵੱਡੇ ਪੱਧਰ 'ਤੇ ਸਰਕਾਰੀ ਅਮਲਾ ਫੈਲਿਆ ਹੋਇਆ ਸੀ ਜਿਸ ਨੂੰ ਕਾਊਂਟਰ ਕਰਨ ਲਈ ਕਾਂਗਰਸ ਨੇ ਕੋਈ ਕੋਸ਼ਿਸ਼ ਨਹੀਂ ਕੀਤੀ। ਸ਼੍ਰੋਮਣੀ ਅਕਾਲੀ ਦਲ ਨੂੰ ਪਿੰਡਾਂ ਵਿਚ ਠੀਕ ਠਾਕ ਵੋਟ ਪੈ ਗਈ ਅਤੇ ਤੀਜੇ ਨੰਬਰ ਦਾ ਸਥਾਨ ਅਕਾਲੀ ਦਲ ਨੇ ਹਾਸਲ ਕੀਤਾ ਪਰ ਅਕਾਲੀ ਦਲ ਦੀ ਪ੍ਰਾਫੈਰਮੈਂਸ ਵਿਚ ਕੋਈ ਬਹੁਤ ਜ਼ਿਆਦਾ ਬਦਲਾਅ ਨਹੀਂ ਆਇਆ। ਕਾਂਗਰਸ ਪਾਰਟੀ ਨੇ ਸਾਰੇ ਵੱਡੇ ਲੀਡਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਅਤੇ ਇਕ ਪਲੇਟਫਾਰਮ 'ਤੇ ਇਕੱਠੇ ਨਜ਼ਰ ਆਏ। ਪਰ ਹਾਰ ਕਾਂਗਰਸ ਲਈ ਇਹ ਵੇਕਅੱਪ ਕਾਲ ਹੈ ਕਿ 2024 ਵਿਚ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਹੈ। ਅਕਾਲੀ ਦਲ ਅਤੇ ਬਸਪਾ ਦੀ ਵੋਟ ਟਰਾਂਸਫਰ ਨਹੀਂ ਹੋਈ ਅਤੇ ਭਾਜਪਾ ਨੇ ਕਾਂਗਰਸ ਦੀਆਂ ਕੁਝ ਵੋਟਾਂ ਟਰਾਂਸਫਰ ਕੀਤੀਆਂ ਹਨ।
"ਸਾਨੂੰ ਸਾਡੇ ਕੰਮਾਂ ਨੇ ਜਿਤਾਇਆ": ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਰ ਸਿੰਘ ਕੰਗ ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ 'ਤੇ ਕਾਫ਼ੀ ਖੁਸ਼ ਨਜ਼ਰ ਆਏ। ਉਹਨਾਂ ਜਲੰਧਰ ਜ਼ਿਮਨੀ ਚੋਣ ਵਿਚ ਜਿੱਤ ਦਾ ਸਿਹਰਾ ਸਰਕਾਰ ਦੀਆਂ 1 ਸਾਲ ਦੀਆਂ ਪ੍ਰਾਪਤੀਆਂ ਸਿਰ ਬੰਨਿਆ। ਆਪ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ, ਨੌਜਵਾਨਾਂ ਨੂੰ ਨੌਕਰੀਆਂ, ਬਿਜਲੀ ਦਾ ਜ਼ੀਰੋ ਬਿੱਲ, ਸਕੂਲ ਆਫ ਐਮੀਨੈਂਸ, ਖੇਤੀਬਾੜੀ ਅਤੇ ਪੰਜਾਬ ਦੀ ਜਵਾਨੀ ਬਚਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਆਪ ਵੱਲੋਂ ਜਿੱਤ ਦਾ ਸਭ ਤੋਂ ਵੱਡਾ ਫੈਕਟਰ ਐਲਾਨਿਆ ਜਾ ਰਿਹਾ ਹੈ।