ਜਲੰਧਰ: ਸੂਬੇ ’ਚ ਬੇਰੁਜ਼ੁਗਾਰ ਅਧਿਆਪਕਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਖਿਲਾਫ਼ ਰੋਸ ਪ੍ਰਦਰਸ਼ਨ (Protest against Punjab Government and Education Minister) ਕੀਤੇ ਜਾ ਰਹੇ ਹਨ। ਅੱਜ ਸਵੇਰੇ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਬੇਰੁਜ਼ਗਾਰਾਂ ਵੱਲੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਿਹਾਇਸ਼ ਬਾਹਰ ਧਰਨਾ (Dharna outside Pargat Singh residence) ਦਿੱਤਾ ਗਿਆ ਤੇ ਨਾਅਰੇਬਾਜੀ ਕੀਤੀ ਗਈ। ਤੜਕੇ ਛੇ ਵਜੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪਰਗਟ ਸਿੰਘ ਦੀ ਕੋਠੀ ਅੱਗੇ ਚੁੱਪ ਚੁਪੀਤੇ ਧਰਨਾ ਲਗਾਇਆ ਹੈ।
ਜਾਣਕਾਰੀ ਅਨੁਸਾਰ ਇਸ ਦੌਰਾਨ ਵੀਡੀਓ ਬਣਾ ਰਹੇ ਬੇਰੁਜ਼ਗਾਰ ਅਧਿਆਪਕਾਂ ਦੀ ਪੁਲਿਸ ਨਾਲ ਧੱਕਾਮੁੱਕੀ ਵੀ ਹੋਈ। ਇਸ ਤੋਂ ਥੋੜ੍ਹੇ ਸਮੇਂ ਬਾਅਦ ਸਿੱਖਿਆ ਮੰਤਰੀ ਘਰ ਤੋਂ ਬਾਹਰ ਨਿੱਕਲੇ ਅਤੇ ਬੇਰੁਜ਼ਗਾਰਾਂ ਨਾਲ ਮੁਲਾਕਾਤ ਕਰਕੇ 10 ਦਸੰਬਰ ਤੱਕ ਖਾਲੀ ਅਸਾਮੀਆਂ ਦੇ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ ਦਿੱਤਾ।
ਸਿੱਖਿਆ ਮੰਤਰੀ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਬੇਰੁਜ਼ਗਾਰਾਂ ਨੇ ਆਪਣਾ ਧਰਨਾ ਚੁੱਕਿਆ ਅਤੇ ਜਾਂਦੇ ਸਮੇਂ ਚਿਤਾਵਨੀ ਦਿੱਤੀ ਕਿ ਜੇਕਰ ਸਿੱਖਿਆ ਮੰਤਰੀ ਵੱਲੋਂ ਵਾਅਦਾ ਪੂਰਾ ਨਾ ਕੀਤਾ ਗਿਆ ਤਾਂ ਦਸ ਤਰੀਕ ਤੋਂ ਬਾਅਦ ਫਿਰ ਦੁਬਾਰਾ ਸਿੱਖਿਆ ਮੰਤਰੀ ਦੇ ਘਰ ਅੱਗੇ ਧਰਨੇ ਲਗਾਏ ਜਾਣਗੇ। ਇਸ ਮੌਕੇ ਪਰਗਟ ਸਿੰਘ ਨੇ ਕਿਹਾ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਉਹ ਅਧਿਆਪਕਾਂ ਦਾ ਮਸਲਾ ਸਲਝਾਉਣ ਵਿੱਚ ਲੱਗੇ ਹੋਏ ਤੇ ਜਲਦ ਹੀ ਇਸ ਨੂੰ ਨੇਪਰੇ ਚਾੜ੍ਹਿਆ ਜਾਵੇਗਾ।
ਕਾਬਲੇਗੌਰ ਹੈ ਕਿ ਇਹ ਬੀ ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਪੰਜਾਬੀ, ਹਿੰਦੀ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ ਦੀਆਂ 9000 ਅਸਾਮੀਆਂ ਦੇ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ: ਕੱਚੇ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਿਹਾਇਸ਼ ਬਾਹਰ ਧਰਨਾ