ਜਲੰਧਰ: ਕੋਰੋਨਾ ਦੇ ਇੱਕ ਵਾਰ ਮੁੜ ਤੋਂ ਰਫ਼ਤਾਰ ਫੜਨ ਕਾਰਨ ਪੰਜਾਬ ਸਰਕਾਰ ਨੇ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਹੈ, ਉਥੇ ਹੀ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਰੈਕੋਗਨਾਈਜ਼ਡ ਐਂਡ ਐਫੀਲੀਏਟਿਡ ਸਕੂਲ ਐਸੋਸੀਏਸ਼ਨ (RASA) ਅਧੀਨ ਸ਼ਹਿਰ ’ਚ ਨਿੱਜੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਫ਼ੈਸਲਾ ਗਲਤ ਹੈ ਸਰਕਾਰ ਨੂੰ ਹਦਾਇਤਾਂ ਦੇ ਨਾਲ ਸਕੂਲ ਖੋਲ੍ਹ ਦੇਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਦਾ ਭਵਿੱਖ ਖ਼ਰਾਬ ਨਾ ਹੋਵੇ। ਉਹਨਾਂ ਨੇ ਕਿਹਾ ਕਿ ਪਹਿਲਾਂ ਹੀ ਕੋਰੋਨਾ ਕਾਲ ਸਮੇਂ ਸਕੂਲਾਂ ਨੂੰ ਬਹੁਤ ਘਾਟਾ ਪਿਆ ਹੈ ਤੇ ਹੁਣ ਫੇਰ ਉਹਨਾਂ ਨੂੰ ਮੰਦੀ ਦੀ ਮਾਰ ਝੱਲਣੀ ਪੈ ਰਹੀ ਹੈ।
ਇਹ ਵੀ ਪੜੋ: ਬਰਨਾਲਾ 'ਚ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਸਕੂਲ ਮੁਖੀ ਅਤੇ ਅਧਿਆਪਕ ਆਏ ਅੱਗੇ
ਉੱਥੇ ਅਧਿਆਪਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਤੋਂ ਉਹ ਬਿਲਕੁਲ ਵੀ ਖੁਸ਼ ਨਹੀਂ ਹਨ ਕਿਉਂਕਿ ਸਰਕਾਰ ਦੇ ਇਨ੍ਹਾਂ ਫ਼ੈਸਲਿਆਂ ਨਾਲ ਬੱਚਿਆਂ ਦੇ ਭਵਿੱਖ ਦੇ ਨਾਲ-ਨਾਲ ਅਧਿਆਪਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਉਨ੍ਹਾਂ ਗੁਜ਼ਾਰਾ ਕਰਨਾ ਵੀ ਬੇਹੱਦ ਮੁਸ਼ਕਿਲ ਹੋਇਆ ਪਿਆ ਹੈ।
ਉੱਥੇ ਹੀ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਬੱਚੇ ਘਰਾਂ ਵਿੱਚ ਅਕਸਰ ਉਦੋਂ ਹੀ ਪੜ੍ਹਦੇ ਹਨ ਜਦੋਂ ਉਨ੍ਹਾਂ ਨੂੰ ਝਿੜਕਿਆ ਜਾਵੇ। ਬੱਚੇ ਆਨਲਾਈਨ ਪੜ੍ਹਾਈ ਦੇ ਵਿੱਚ ਉਨ੍ਹਾਂ ਇੰਟ੍ਰਸਟ ਨਹੀਂ ਲੈਂਦੇ ਜਿੰਨਾ ਉਨ੍ਹਾਂ ਨੂੰ ਦੇਣਾ ਚਾਹੀਦਾ ਹੈ ਕਿਉਂਕਿ ਬੱਚੇ ਅਕਸਰ ਮਾਪਿਆਂ ਦੇ ਇੱਧਰ ਉੱਧਰ ਹੋਣ ਦੇ ਨਾਲ ਮੋਬਾਇਲਾਂ ’ਤੇ ਵੀਡਿਓ ਗੇਮਾਂ ਖੇਡਣੀਆਂ ਸ਼ੁਰੂ ਕਰ ਦਿੰਦੇ ਹਨ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਕਾਫ਼ੀ ਪ੍ਰਭਾਵਿਤ ਹੁੰਦੀ ਹੈ।
ਇਹ ਵੀ ਪੜੋ: ਹੰਡਿਆਇਆ ਵਿਖੇ 'ਵਿਗਿਆਨਕ ਡੇਅਰੀ ਫਾਰਮਿੰਗ' ਦਾ ਛੇ ਦਿਨਾਂ ਸਿਖਲਾਈ ਪ੍ਰੋਗਰਾਮ
ਬੱਚਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਆਨਲਾਈਨ ਪੜ੍ਹਾਈ ਕਰਨ ਵਿੱਚ ਕਾਫੀ ਮੁਸ਼ਕਿਲਾਂ ਆਉਂਦੀਆਂ ਹਨ ਕਈ ਵਾਰ ਅਧਿਆਪਕ ਦੀ ਪੜ੍ਹਾਉਂਦੇ ਹੋਏ ਆਵਾਜ਼ ਕੱਟੀ ਜਾਂਦੀ ਹੈ। ਜਿਸ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।