ਜਲੰਧਰ: ਦਿੱਲੀ-ਕਟੜਾ ਐਕਸਪ੍ਰੈਸ ਵੇਅ ਉੱਤੇ ਕੰਮ ਕਰਦੇ ਹੋਏ ਕਰਤਾਰਪੁਰ ਦੇ ਬਸਰਾਮਪੁਰ ਵਿਖੇ ਕਰੀਬ 60-70 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਣ ਵਾਲੇ ਕਥਿਤ ਇੰਜੀਨੀਅਰ ਸੁਰੇਸ਼ ਨੂੰ ਬਚਾਉਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਸਨ, ਪਰ ਸ਼ਾਇਦ ਕੁਦਰਤ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ। ਦਰਅਸਲ, ਬੋਰਵੈੱਲ ਵਿੱਚ ਡਿੱਗਿਆ ਵਿਅਕਤੀ ਜੀਂਦ, ਹਰਿਆਣਾ ਦਾ ਰਹਿਣ ਵਾਲਾ ਹੈ। ਉਸ ਦਾ ਭਰਾ ਵੀ ਮੌਕੇ ਉੱਤੇ ਪਹੁੰਚ ਚੁੱਕਾ ਹੈ। ਭਰਾ ਸੱਤਿਆਵਾਨ ਨੇ ਦੱਸਿਆ ਉਸ ਦਾ ਭਰਾ ਇੰਜੀਨੀਅਰ ਨਹੀਂ ਹੈ, ਉਹ ਜ਼ਿੰਮੀਦਾਰ ਦਾ ਕੰਮ ਕਰਦਾ ਹੈ। ਇਸ ਤੋਂ ਪਹਿਲਾਂ ਉਸ ਨੇ ਅਜਿਹਾ ਕੰਮ ਕਦੇ ਨਹੀਂ ਕੀਤਾ। ਬਚਾਅ ਕਾਰਜ ਦੀਆਂ ਟੀਮਾਂ ਵਲੋਂ ਸੁਰੇਸ਼ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਹੈ ਅਤੇ ਸਿਵਲ ਹਸਪਤਾਲ, ਜਲੰਧਰ ਵਿਖੇ ਪੋਸਟਮਾਰਟਮ ਲਈ ਭੇਜਿਆ ਗਿਆ।
ਸ਼ਨੀਵਾਰ ਤੋਂ ਬੋਰਵੈੱਲ ਵਿੱਚ ਫੱਸਿਆ ਸੀ ਸੁਰੇਸ਼: ਸ਼ਨੀਵਾਰ ਸ਼ਾਮ 7 ਵਜੇ ਬੋਰਵੈੱਲ 'ਚ ਡਿੱਗੇ ਸੁਰੇਸ਼ ਨੂੰ NDRF ਦੀ ਟੀਮਾਂ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਸੀ। ਸੁਰੇਸ਼ ਕਰੀਬ 45 ਘੰਟਿਆਂ ਤੋਂ ਬੋਰਵੈੱਲ 'ਚ ਫਸਿਆ ਹੋਇਆ ਸੀ ਜਿਸ ਦੀ ਆਖਿਰਕਾਰ ਅੰਦਰ ਹੀ ਮੌਤ ਹੋ ਚੁੱਕੀ ਸੀ। ਬਚਾਅ ਕਾਰਜ ਵਿੱਚ ਸਭ ਤੋਂ ਵੱਡੀ ਰੁਕਾਵਟ ਨੇੜੇ ਸਥਿਤ ਪਾਣੀ ਨਾਲ ਭਰਿਆ ਛੱਪੜ ਬਣਿਆ ਜਿਸ ਕਾਰਨ ਬਚਾਅ ਕਾਰਜ ਵਿੱਚ ਦੇਰੀ ਹੋਈ। ਸੁਰੇਸ਼ ਨਾਮ ਦਾ ਇਹ ਵਿਅਕਤੀ ਆਪਣੇ ਇੱਕ ਸਾਥੀ ਪਵਨ ਦੇ ਨਾਲ ਸ਼ਨੀਵਾਰ ਸ਼ਾਮ ਕਰੀਬ 7:00 ਵਜੇ 70 ਫੁੱਟ ਡੂੰਘੇ ਇੱਕ ਬੋਰ ਵਿੱਚ ਉਤਰਿਆ ਸੀ ਜਿਸ ਤੋਂ ਬਾਅਦ ਉਸ ਦਾ ਸਾਥੀ ਪਵਨ ਤਾਂ ਬਾਹਰ ਆ ਗਿਆ, ਪਰ ਸੁਰੇਸ਼ ਬੋਰ ਵਿੱਚ ਹੀ ਮਿੱਟੀ ਧੱਸ ਜਾਣ ਕਰਕੇ ਫਸ ਗਿਆ। ਉਸ ਨੂੰ ਬਾਹਰ ਕੱਢਣ ਲਈ ਪ੍ਰਸ਼ਾਸਨ ਅਤੇ ਐਨਡੀਆਰਐਫ ਦੀਆਂ ਟੀਮਾਂ ਪੂਰਾ ਜ਼ੋਰ ਲਗਾਇਆ, ਪਰ ਆਖੀਰ ਸੁਰੇਸ਼ ਦੀ ਲਾਸ਼ ਹੀ ਬਾਹਰ ਆ ਸਕੀ।
ਭਰਾ ਨੇ ਕਿਹਾ- ਸੁਰੇਸ਼ ਇੰਜੀਨੀਅਰ ਨਹੀਂ: ਹਰਿਆਣਾ ਦੇ ਜ਼ੀਂਦ ਸ਼ਹਿਰ ਤੋਂ ਆਏ ਸੁਰੇਸ਼ ਦੇ ਛੋਟੇ ਭਰਾ ਸੱਤਿਆਵਾਨ ਦਾ ਕਹਿਣਾ ਹੈ ਕਿ ਸੁਰੇਸ਼ ਇਸ ਕੰਪਨੀ ਵਿੱਚ ਇੰਜੀਨੀਅਰ ਨਹੀਂ ਹੈ, ਬਲਕਿ ਉਹ ਆਪਣੇ ਪਿੰਡ ਵਿੱਚ ਜਿਮੀਂਦਾਰੀ ਦਾ ਕੰਮ ਕਰਦਾ ਹੈ। ਉਸ ਦੇ ਮੁਤਾਬਕ ਸੁਰੇਸ਼ ਆਪਣੇ ਸਾਥੀ ਪਵਨ ਨਾਲ ਇੱਥੇ ਆਇਆ ਸੀ ਅਤੇ ਸ਼ਨੀਵਾਰ ਦੋਵੇਂ ਜਣੇ ਬੋਰ ਵਿੱਚ ਉਤਰੇ ਸੀ। ਸੱਤਿਆਵਾਨ ਮੁਤਾਬਕ ਕੰਪਨੀ ਆਪਣੇ ਆਪ ਨੂੰ ਬਚਾਉਣ ਲਈ ਸੁਰੇਸ਼ ਨੂੰ ਕੰਪਨੀ ਦਾ ਇੰਜੀਨੀਅਰ ਦੱਸ ਰਹੀ ਹੈ।
ਜਲੰਧਰ ਦੇ ਏਡੀਸੀ ਜਸਵੀਰ ਸਿੰਘ ਨੇ ਦੱਸਿਆ ਕਿ ਸੁਰੇਸ਼ ਦੀ ਲਾਸ਼ ਨੂੰ 45 ਘੰਟੇ ਦੇ ਬਚਾਅ ਕਾਰਜ ਤੋਂ ਬਾਅਦ ਬਾਹਰ ਕੱਢ ਲਿਆ ਗਿਆ ਹੈ। 50 ਫੁੱਟ ਪੁੱਟਣ ਤੋਂ ਬਾਅਦ ਮਿੱਟੀ ਬਹੁਤ ਨਰਮ ਸੀ। ਉਹ ਵਾਰ-ਵਾਰ ਫਿਸਲ ਰਹੀ ਸੀ, ਜਿਸ ਕਾਰਨ ਬਚਾਅ ਕਰਨ ਵਾਲਿਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਐਤਵਾਰ ਰਾਤ ਨੂੰ ਇੱਥੇ ਫਿਰ ਤੋਂ ਮਿੱਟੀ ਖਿਸਕ ਗਈ ਸੀ। ਇਸ ਤੋਂ ਬਾਅਦ ਸੋਮਵਾਰ ਸਵੇਰੇ ਵੀ ਦੋ ਵਾਰ ਮਿੱਟੀ ਖਿਸਕ ਗਈ।