ਜਲੰਧਰ: ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ 2 ਦਿਨ ਜਲੰਧਰ ਦੇ ਦੌਰੇ 'ਤੇ ਹਨ। ਇਸ ਦੌਰਾਨ ਉਹ ਅਲੱਗ ਅਲੱਗ ਹਲਕਿਆਂ ਵਿੱਚ ਪਾਰਟੀ ਵਰਕਰਾਂ ਅਤੇ ਪਾਰਟੀ ਦੇ ਲੀਡਰਾਂ ਨਾਲ ਮੁਲਾਕਾਤ ਕਰ ਰਹੇ ਹਨ। ਇਸੇ ਦੇ ਚੱਲਦੇ ਜਲੰਧਰ ਦੇ ਕਰਤਾਰਪੁਰ ਕਿਸ਼ਨਗੜ੍ਹ ਰੋਡ ਉੱਪਰ ਉਨ੍ਹਾਂ ਨੇ ਇਕ ਰੈਲੀ ਨੂੰ ਸੰਬੋਧਿਤ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਕ ਪ੍ਰੈੱਸ ਕਾਨਫਰੰਸ ਵੀ ਰੱਖੀ ਗਈ।
ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਦ ਮਨਜਿੰਦਰ ਸਿੰਘ ਸਿਰਸਾ ਦਾ ਫੋਨ ਆਇਆ ਸੀ। ਜਿਸ ਵਿੱਚ ਸਿਰਸਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਉਨ੍ਹਾਂ 'ਤੇ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ 'ਤੇ ਸ਼ਿਕੰਜਾ ਕੱਸ ਦਿੱਤਾ ਗਿਆ ਹੈ। ਹੁਣ ਉਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਜਾਂ 'ਤੇ ਅਕਾਲੀ ਦਲ ਛੱਡ ਜਾਂ ਫਿਰ ਜੇਲ੍ਹ ਜਾਂ ਸਿਰਸਾ ਮੁਤਾਬਕ ਉਸ ਕੋਲ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਜਾਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।
ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਹੋਰ ਕਈ ਮੈਂਬਰਾਂ ਨੂੰ ਪਰਚੇ ਦਰਜ ਕਰ ਧਮਕੀਆਂ ਦਿੱਤੀਆਂ ਗਈਆਂ ਸਨ,ਪਰ ਉਹ ਡਟ ਕੇ ਖੜ੍ਹੇ ਰਹੇ। ਪਰ ਬੜੇ ਅਫ਼ਸੋਸ ਦੀ ਗੱਲ ਹੈ, ਕਿ ਮਨਜਿੰਦਰ ਸਿੰਘ ਸਿਰਸਾ ਇਸ ਦਬਾਅ ਨੂੰ ਸਹਿ ਨਹੀਂ ਪਾਏ ਅਤੇ ਉਨ੍ਹਾਂ ਨੂੰ ਅਕਾਲੀ ਦਲ ਛੱਡਣਾ ਪਿਆ। ਪਰ ਇਹ ਗੱਲ ਸਾਫ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾ ਤਾਂ ਕਦੀ ਡਰਿਆ ਹੈ ਅਤੇ ਨਾ ਹੀ ਕਦੀ ਡਰੇਗਾ।
ਪ੍ਰੈੱਸ ਕਾਨਫ਼ਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਦਾ ਕੇਂਦਰ ਦੀ ਭਾਜਪਾ ਸਰਕਾਰ ਨੇ ਤਿੰਨ ਕਾਲੇ ਕਾਨੂੰਨਾਂ ਨੂੰ ਲਿਆਂਦਾ ਹੈ, ਉਦੋਂ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਜੁੜਦੇ ਹੋਏ, ਅਕਾਲੀ ਦਲ ਨੇ ਭਾਜਪਾ ਦਾ ਸਾਥ ਛੱਡ ਦਿੱਤਾ। ਪਰ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਅਤੇ ਪੰਥ ਦੇ ਖ਼ਿਲਾਫ਼ ਸਾਜ਼ਿਸ਼ਾਂ ਅਤੇ ਹਮਲੇ ਸ਼ੁਰੂ ਕਰ ਦਿੱਤੇ। ਉਨ੍ਹਾਂ ਕਿਹਾ ਕਿ ਦਿੱਲੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਤੇ ਚੋਣਾਂ ਤੋਂ ਬਾਅਦ ਇੱਕ ਕਮੇਟੀ ਬਣੀ, ਜਿਸ ਨੂੰ ਅਜੇ ਤੱਕ ਚਾਰਜ ਨਹੀਂ ਲੈਣ ਦਿੱਤਾ ਗਿਆ।
ਉਨ੍ਹਾਂ ਮੁਤਾਬਕ ਇਸ ਕਮੇਟੀ ਲਈ ਭਾਜਪਾ ਵੱਲੋਂ ਵੀ ਆਪਣੇ ਉਮੀਦਵਾਰ ਖੜ੍ਹੇ ਕੀਤੇ ਗਏ, ਪਰ ਉਹ ਹਾਰ ਗਏ। ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਹੁਣ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ ਨੂੰ ਅਲੱਗ ਅਲੱਗ ਤਰੀਕੇ ਨਾਲ ਧਮਕਾ ਰਹੀ ਹੈ। ਪਰ ਉਹ ਅਡਿੱਗ ਆਪਣੀਆਂ ਗੱਲਾਂ 'ਤੇ ਖੜ੍ਹੇ ਰਹੇ ਹਨ। ਇਨ੍ਹਾਂ ਸਭ ਲੋਕਾਂ 'ਤੇ ਪਰਚੇ ਵੀ ਦਰਜ ਕਰਾਏ ਗਏ, ਪਰ ਉਨ੍ਹਾਂ ਨੇ ਬਿਨਾਂ ਡਰ ਦੇ ਆਪਣੀਆਂ ਜ਼ਮਾਨਤਾਂ ਲੈ ਕੇ ਅੱਗੇ ਲੜਨ ਦਾ ਫ਼ੈਸਲਾ ਕੀਤਾ। ਇਸ ਦੇ ਨਾਲ ਹੀ ਕੇਂਦਰ ਵੱਲੋਂ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ 'ਤੇ ਵੀ ਕਈ ਮਾਮਲੇ ਦਰਜ ਕੀਤੇ ਗਏ।
ਇਹ ਵੀ ਪੜੋ :- ਪ੍ਰਕਾਸ਼ ਸਿੰਘ ਬਾਦਲ:ਦੇਸ਼ ਤੇ ਸਿੱਖ ਸਿਆਸਤ ਦੇ ਬਾਬਾ ਬੋਹੜ ਹਨ ਉਮਰਦਰਾਜ ਆਗੂ