ਜਲੰਧਰ: ਆਈਪੀਐਲ ਦੇ ਖਿਡਾਰੀਆਂ ਲਈ ਫਲਾਇੰਗ ਕਿੱਟ ਤੇ ਟਰੈਕ ਸੂਟ ਜਲੰਧਰ ਸ਼ਹਿਰ ਦੀ ਟੀਕੇ ਸਪੋਰਟਸ ਇੰਡਸਟਰੀ ਤਿਆਰ ਕਰਦੀ ਹੈ। ਕੋਰੋਨਾ ਮਹਾਂਮਾਰੀ ਦੇ ਚੱਲਦੇ ਟੀ ਕੇ ਸਪੋਰਟਸ ਇੰਡਸਟਰੀ ਇਸ ਵਾਰ ਸਪੈਸ਼ਲ ਫੈਬ੍ਰਿਕ ਤੇ ਐਂਟੀ ਵਾਇਰਸ ਰੇਂਜ ਕਿੱਟਾਂ ਨੂੰ ਤਿਆਰ ਕਰ ਰਹੀ ਹੈ। ਟੀ ਕੇ ਸਪੋਰਟਸ ਇੰਡਸਟਰੀ ਦੇ ਐਮ.ਡੀ. ਰਾਜਨ ਕੋਹਲੀ ਨੇ ਦਾਅਵਾ ਕੀਤਾ ਕਿ ਇਨ੍ਹਾਂ ਕਿੱਟਾਂ ਦੀ ਵਰਤੋਂ ਕਰਨ ਨਾਲ ਖਿਡਾਰੀ 99.9 ਫੀਸਦੀ ਕੋਰੋਨਾ ਵਾਇਰਸ ਤੋਂ ਬਚ ਸਕਦੇ ਹਨ।
ਟੀ ਕੇ ਸਪੋਰਟਸ ਇੰਡਸਟਰੀ ਦੇ ਐਮ.ਡੀ. ਰਾਜਨ ਕੋਹਲੀ ਨੇ ਕਿਹਾ ਕਿ ਉਹ ਪਿਛਲੇ 6 ਸਾਲਾਂ ਤੋਂ ਸਨਰਾਈਜ਼ਰ ਹੈਦਰਾਬਾਦ ਦੀ ਟੀਮ ਲਈ ਕਿੱਟਾਂ ਬਣਾ ਰਹੇ ਹਨ। ਇਸ ਵਾਰ ਵੀ ਉਹ ਸਨਰਾਈਜ਼ਰ ਹੈਦਰਾਬਾਦ ਦੇ ਲਈ ਕਿੱਟਾਂ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਦੀ ਪੰਜਾਬ ਦੀ ਕਿੰਗਜ਼ 11 ਦੀ ਟੀਮ ਦੀ ਕਿੱਟਾਂ ਬਣਾਈਆਂ ਹਨ। ਰਾਜਨ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੇ ਸੀਪੀਐਲ ਵਿੱਚ ਵੀ ਕਿੱਟਾਂ ਬਣਾਈਆਂ ਹਨ।
ਕਿੱਟਾਂ ਵਿੱਚ ਵਰਤਿਆ ਜਾ ਰਿਹੈ ਸਪੈਸ਼ਲ ਕੈਮੀਕਲ
ਰਾਜਨ ਕੋਹਲੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਉਨ੍ਹਾਂ ਨੇ ਕਿੱਟਾਂ ਵਿੱਚ ਸਪੈਸ਼ਲ ਕੈਮੀਕਲ ਦੀ ਵਰਤੋਂ ਕੀਤੀ ਹੈ ਜਿਸ ਨਾਲ ਕੋਰੋਨਾ ਵਾਇਰਸ ਖ਼ਤਮ ਹੋ ਜਾਵੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਕੈਮੀਕਲ ਨਾਲ 99.9 ਫੀਸਦੀ ਕੋਰੋਨਾ ਵਾਇਰਸ ਖ਼ਤਮ ਹੋ ਜਾਵੇਗਾ। ਇਹ ਕਿੱਟਾਂ ਕੋਰੋਨਾ ਫ੍ਰੀ ਕਿੱਟਾਂ ਹਨ।
ਸਪੈਸ਼ਲ ਕੈਮੀਕਲ ਵਾਲੀਆਂ ਕਿੱਟਾਂ ਦੇ ਲਾਭ
ਐਮਡੀ ਨੇ ਕਿਹਾ ਕਿ ਇਸ ਸਪੈਸ਼ਲ ਕੈਮੀਕਲ ਵਾਲੀਆਂ ਕਿੱਟਾਂ ਦੇ ਬਹੁਤ ਸਾਰੇ ਲਾਭ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਪੈਸ਼ਲ ਕੈਮੀਕਲ ਵਾਲੀ ਕਿੱਟ ਨਾਲ ਪਸੀਨੇ ਦੀ ਬਦਬੂ ਵੀ ਨਹੀਂ ਆਉਂਦੀ ਤੇ ਇਸ ਨੂੰ ਘੱਟ ਧੋਨ ਦੀ ਲੋੜ ਪੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕੈਮੀਕਲ ਬਹੁਤ ਹੀ ਮਹਿੰਗਾ ਹੈ ਤੇ ਇਸ ਨੂੰ ਯੂਰਪ ਤੋਂ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਰਿਜ਼ਲਟ ਬਹੁਤ ਹੀ ਵਧੀਆ ਮਿਲ ਰਹੇ ਹਨ।
ਜ਼ਿਕਰਯੋਗ ਹੈ ਕਿ ਇੱਥੋਂ ਦੀ ਪ੍ਰੋ ਕਬੱਡੀ ਲੀਗ ਵਿੱਚ ਬਾਲੀਵੁੱਡ ਸਟਾਰ ਅਭਿਸ਼ੇਕ ਬੱਚਨ ਦੀ ਟੀਮ ਦੀ ਪਲੇਇੰਗ ਕਿੱਟ ਵੀ ਇੱਥੋਂ ਹੀ ਤਿਆਰ ਹੋਈਆ ਹਨ।