ਜਲੰਧਰ: ਅੰਮ੍ਰਿਤਸਰ ਵਿਖੇ ਕੱਲ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਹੱਤਿਆ ਤੋਂ ਬਾਅਦ ਜਲੰਧਰ ਵਿਖੇ ਸ਼ਿਵ ਸੈਨਾ ਵੱਲੋਂ ਬੀਐਮਸੀ ਚੌਕ ਵਿਖੇ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਮੌਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਦੀਆਂ ਫੋਟੋਆਂ ਵੀ ਸਾੜੀਆਂ ਗਈਆਂ। ਇਸ ਦੌਰਾਨ ਸ਼ਿਵ ਸੈਨਾ ਆਗੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਲੰਧਰ ਨੂੰ ਬੰਦ ਕਰਨ ਦੀ ਕਾਲ ਕੀਤੀ ਗਈ ਸੀ ਜਿਸ ਨੂੰ ਨਗਰ ਕੀਰਤਨ ਹੋਣ ਕਾਰਨ ਵਾਪਿਸ ਲੈ ਲਈ ਗਈ ਹੈ।
ਇਸ ਸਬੰਧੀ ਸ਼ਿਵ ਸੈਨਾ ਆਗੂ ਇਸ਼ਾਂਤ ਸ਼ਰਮਾ ਨੇ ਕਿਹਾ ਕਿ ਬੀਤੇ ਦਿਨ ਅੰਮ੍ਰਿਤਸਰ ਵਿਖੇ ਇਕ ਐਸੇ ਸ਼ਿਵ ਸੈਨਾ ਦੇ ਸੀਨੀਅਰ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਿਸ ਵੇਲੇ ਉਨ੍ਹਾਂ ਕੋਲ ਉਨ੍ਹਾਂ ਦੀ ਵਾਈ ਸ਼੍ਰੇਣੀ ਦੀ ਸੁਰੱਖਿਆ ਦੇ ਨਾਲ ਨਾਲ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਵੀ ਮੌਜੂਦ ਸੀ। ਉਨ੍ਹਾਂ ਨੇ ਇਸ ਘਟਨਾ ਦੀ ਕੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਜੇਕਰ ਇਕ ਆਗੂ ਜਿਹਦੇ ਕੋਲ ਇੰਨੀ ਸੁਰੱਖਿਆ ਮੌਜੂਦ ਹੋਵੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਵੇ ਤਾਂ ਬਾਕੀ ਲੋਕਾਂ ਦਾ ਕੀ ਹੋਵੇਗਾ ਜਿਨ੍ਹਾਂ ਕੋਲ ਮਹਿਜ਼ ਇੱਕ ਇੱਕ ਮੁਲਾਜ਼ਮ ਸਕਿਓਰਿਟੀ ਦੇ ਤੌਰ ਤੇ ਤੈਨਾਤ ਹੈ।
ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਨੂੰ ਪੰਜਾਬ ਪੁਲਿਸ ਦੀ ਕਿਸੇ ਵੀ ਸੁਰੱਖਿਆ ਦੀ ਲੋੜ ਨਹੀਂ ਹੈ। ਇਸ਼ਾਂਤ ਸ਼ਰਮਾ ਨੇ ਕਿਹਾ ਕਿ ਹੁਣ ਕੋਈ ਵੀ ਸ਼ਿਵ ਸੈਨਾ ਨੇਤਾ ਪੰਜਾਬ ਪੁਲਿਸ ਦੀ ਸਕਿਓਰਿਟੀ ਨਹੀਂ ਰੱਖੇਗਾ ਕਿਉਂਕਿ ਉਨ੍ਹਾਂ ਨੂੰ ਇਸ ਸਕਿਓਰਿਟੀ ’ਤੇ ਕੋਈ ਭਰੋਸਾ ਹੀ ਨਹੀਂ ਹੈ। ਅੰਮ੍ਰਿਤਸਰ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਇਸ਼ਾਂਤ ਸ਼ਰਮਾ ਨੇ ਕਿਹਾ ਕਿ ਜਿਸ ਸਮੇਂ ਸੁਧੀਰ ਪੁਰੀ ਦੀ ਹੱਤਿਆ ਹੋਈ ਉਸ ਸਮੇਂ ਉੱਥੇ ਭਾਰੀ ਗਿਣਤੀ ਵਿੱਚ ਪੁਲਿਸ ਮੌਜੂਦ ਸੀ ਪਰ ਉਨ੍ਹਾਂ ਦੇ ਹੱਥਾਂ ਵਿੱਚ ਫੜੇ ਹੋਏ ਹਥਿਆਰ ਮਹਿਜ਼ ਖਿਡੌਣਾ ਸਾਬਤ ਹੋਏ, ਜਦਕਿ ਖ਼ੁਦ ਸ਼ਿਵਸੇਨਾ ਨੇਤਾਵਾਂ ਵੱਲੋਂ ਹੀ ਆਰੋਪੀ ਨੂੰ ਫੜ ਕੇ ਉਸ ਵੱਲੋਂ ਵਰਤਿਆ ਗਿਆ ਹਥਿਆਰ ਉਸ ਕੋਲੋਂ ਖੋਹ ਕੇ ਪੁਲਿਸ ਨੂੰ ਸੌਂਪਿਆ ਗਿਆ।
ਇਸ਼ਾਂਤ ਸ਼ਰਮਾ ਨੇ ਇਹ ਵੀ ਕਿਹਾ ਕਿ ਜਲੰਧਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਅਤੇ ਉਹ ਸਭ ਹਰ ਧਰਮ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹਨ ਅਤੇ ਖੁਦ ਵੀ ਗੁਰੂ ਘਰ ਜਾ ਕੇ ਮੱਥਾ ਟੇਕਦੇ ਹਨ। ਇਸ ਲਈ ਜਲੰਧਰ ਵਿਖੇ ਸ਼ਿਵ ਸੈਨਾ ਵੱਲੋਂ ਬੰਦ ਵੀ ਕਾਲ ਨੂੰ ਵਾਪਸ ਲੈ ਲਿਆ ਗਿਆ ਹੈ।
ਇਹ ਵੀ ਪੜੋ: ਸ਼ਿਵ ਸੈਨਾ ਆਗੂ ਦੇ ਕਤਲ ਮਗਰੋਂ ਸੁਰੱਖਿਆ ਸਖ਼ਤ, ਪੁਲਿਸ ਵੱਲੋਂ ਅਲਰਟ ਜਾਰੀ