ਜਲੰਧਰ: ਸ਼ਹਿਰ ਜਲੰਧਰ ਵਿੱਚ ਅੱਜ ਦੁਪਹਿਰ ਵੇਲੇ ਕੰਪਨੀ ਬਾਗ ਚੌਕ ਨੇੜੇ ਸਥਿਤ ਇੱਕ ਜਿਊਲਰਜ਼ ਦੀ ਦੁਕਾਨ 'ਚ ਲੁੱਟ ਦੀ ਸੂਚਨਾ ਪੁਲਿਸ ਨੂੰ ਮਿਲੀ ਅਤੇ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੁਕਾਨਦਾਰ ਨਾਲ ਗੱਲਬਾਤ ਕਰਕੇ ਮਾਮਲਾ ਸੁਲਝਾਉਣਾ ਸ਼ੁਰੂ ਕਰ ਦਿੱਤਾ। ਪੀੜਤ ਸੁਨਿਆਰ ਦਾ ਕਹਿਣਾ ਹੈ ਕਿ ਲੁੱਟ ਦੀ ਵਰਦਾਤ (Robbery incident in Jalandhar) ਨੂੰ ਤਿੰਨ ਲੁਟੇਰਿਆਂ ਵੱਲੋਂ ਅੰਜਾਮ ਦਿੱਤਾ ਗਿਆ ਹੈ।
ਰਣਨੀਤੀ ਨਾਲ ਕੀਤੀ ਗਈ ਲੁੱਟ: ਜਵੈਲਰਜ਼ ਦੇ ਮਾਲਕ ਰਵੀ ਨੇ ਅੱਗੇ ਦੱਸਿਆ ਕਿ ਉਹ ਦੁਕਾਨ 'ਤੇ ਇਕੱਲਾ ਸੀ ਤਾਂ ਤਿੰਨ ਲੁਟੇਰੇ ਉਸ ਦੀ ਦੁਕਾਨ 'ਤੇ ਆਏ ਅਤੇ ਉਸ ਨੂੰ ਸੋਨੇ ਦੀ ਚੇਨ ਦਿਖਾਉਣ ਬਾਰੇ ਗੱਲ ਕੀਤੀ ਅਤੇ 5 ਸੋਨੇ ਦੀਆਂ ਚੇਨੀਆਂ ਖਰੀਦਣ ਲਈ ਕਿਹਾ। ਦੁਕਾਨਦਾਰ ਮੁਤਾਬਿਕ ਮੁਲਜ਼ਮਾਂ ਨੇ ਸੋਨੇ ਦੀਆਂ ਚੇਨੀਆਂ ਖਰੀਦਣ ਲਈ 50 ਹਜ਼ਾਰ ਰੁਪਏ ਨਕਦ ਅਤੇ ਬਾਕੀ ਦੇ ਪੈਸੇ ਏਟੀਐੱਮ ਰਾਹੀਂ ਭੁਗਤਾਨ ਕਰਨ ਲਈ ਕਿਹਾ। ਜਦੋਂ ਸੁਨਿਆਰ (Jewelery robbery in Jalandhar) ਰਵੀ ਕੁਮਾਰ ਏਟੀਐੱਮ ਮਸ਼ੀਨ ਵੱਲ ਵਧਿਆ ਤਾਂ ਲੁਟੇਰਿਆਂ ਨੇ ਪਿਸਤੌਲ ਕੱਢ ਲਈ ਅਤੇ ਉਸ ਉੱਤੇ ਤਾਣ ਦਿੱਤੀ। ਇਸ ਤੋਂ ਬਾਅਦ ਲੁਟੇਰੇ ਪੰਜ ਸੋਨੇ ਦੀਆਂ ਚੈਨੀਆਂ ਅਤੇ ਕੈਸ਼ ਲੁੱਟ ਕੇ ਫਰਾਰ ਹੋ ਗਏ।
ਪੁਲਿਸ ਕਰ ਰਹੀ ਜਾਂਚ: ਪੁਲਿਸ ਅਧਿਕਾਰੀ ਏ.ਸੀ.ਪੀ ਸੈਂਟਰਲ ਨਿਰਮਲ ਸਿੰਘ (ACP Central Nirmal Singh) ਨੇ ਦੱਸਿਆ ਕਿ ਪੁਲਿਸ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਕੰਪਨੀ ਬਾਗ ਚੌਕ ਨੇੜੇ ਰਵੀ ਜਵੈਲਰਜ਼ ਦੀ ਦੁਕਾਨ ’ਤੇ ਲੁੱਟ ਦੀ ਘਟਨਾ ਵਾਪਰੀ ਹੈ ਤਾਂ ਉਹ ਪੁਲਿਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਅਤੇ ਦੁਕਾਨਦਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ 15-20 ਮਿੰਟਾਂ ਦੇ ਅੰਦਰ ਹੀ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋ ਗਏ। ਪੁਲਿਸ ਮੁਤਾਬਿਕ ਦੁਕਾਨ ਦੇ ਸੀਸੀਟੀਵੀ ਕੈਮਰੇ ਖਰਾਬ ਸਨ, ਇਸ ਲਈ ਉਹ ਨੇੜਲੇ ਹੋਰ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਇਹ ਘਟਨਾ ਫਰਜ਼ੀ ਜਾਪਦੀ ਹੈ ਤਾਂ ਉਨ੍ਹਾਂ ਕਿਹਾ ਕਿ ਅਜੇ ਜਾਂਚ ਜਾਰੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਮੁਤਾਬਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। (Jalandhar Crime News)