ਜਲੰਧਰ: ਸੂਬੇ ’ਚ ਬਿਜਲੀ ਦਾ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇੱਕੇ ਪਾਸੇ ਜਿੱਥੇ ਬਿਜਲੀ ਨਾ ਆਉਣ ਕਾਰਨ ਥਾਂ ਥਾਂ ਤੇ ਧਰਨੇ ਲੱਗੇ ਹੋਏ ਹਨ ਉੱਥੇ ਹੀ ਦੂਜੇ ਪਾਸੇ ਕਿਸਾਨਾਂ ਨੇ ਵੀ ਪੰਜਾਬ ਸਰਕਾਰ ਖਿਲਾਫ ਬਿਜਲੀ ਦੇ ਮੁੱਦੇ ਨੂੰ ਲੈ ਕੇ ਮੋਰਚਾ ਖੋਲ੍ਹਿਆ ਹੋਇਆ ਹੈ।
ਜ਼ਿਲ੍ਹੇ ਦੇ ਪਰਾਗਪੁਰ ਦੇ ਨੇੜੇ ਲਗਾਏ ਗਏ ਧਰਨੇ ਦੌਰਾਨ ਕਿਸਾਨਾਂ ਨੇ ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰਦੇ ਹੋਏ ਅਣਮਿੱਥੇ ਸਮੇਂ ਲਈ ਜਾਮ ਲਗਾ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਜਿੱਥੇ ਇਸ ਸਮੇਂ ਝੋਨੇ ਦੀ ਬਿਜਾਈ ਦਾ ਕੰਮ ਚੱਲ ਰਿਹਾ ਹੈ, ਇਸ ਦੌਰਾਨ ਪਾਣੀ ਦੀ ਸਭ ਤੋਂ ਜ਼ਿਆਦਾ ਲੋੜ ਹੈ ਉਸ ਸਮੇਂ ਬਿਜਲੀ ਮਹਿਕਮੇ ਵੱਲੋਂ ਲਗਾਏ ਜਾ ਰਹੇ ਲਗਾਤਾਰ ਕੱਟਾਂ ਕਰਕੇ ਉਨ੍ਹਾਂ ਦਾ ਬੀਜਿਆ ਹੋਇਆ ਝੋਨਾ ਸੁੱਕਣ ਨੂੰ ਆ ਗਿਆ ਹੈ।
ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਥਾਵਾਂ ’ਤੇ ਧਰਨੇ ਪ੍ਰਦਰਸ਼ਨ ਨਾਲ ਸਰਕਾਰ ਨੂੰ ਇਸ ਬਾਰੇ ਸੁਚੇਤ ਕੀਤਾ ਗਿਆ ਸੀ ਪਰ ਸਰਕਾਰ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ। ਜਿਸ ਕਾਰਨ ਉਨ੍ਹਾਂ ਨੇ ਮਜਬੂਰ ਹੋ ਕੇ ਰਾਸ਼ਟਰੀ ਰਾਜਮਾਰਗ ਨੂੰ ਅਣਮਿੱਥੇ ਸਮੇਂ ਲਈ ਜਾਮ ਕੀਤਾ ਗਿਆ ਹੈ। ਕਿਸਾਨ ਦਾ ਕਹਿਣਾ ਹੈ ਕਿ ਜਦੋ ਤੱਕ ਸਰਕਾਰ ਉਨ੍ਹਾਂ ਨੂੰ ਲੋੜੀਂਦੀ ਬਿਜਲੀ ਮੁਹੱਈਆ ਨਹੀਂ ਕਰਵਾਉਂਦੀ ਉਸ ਸਮੇਂ ਤੱਕ ਉਹ ਆਪਣਾ ਧਰਨਾ ਇਸੇ ਤਰ੍ਹਾਂ ਜਾਰੀ ਰੱਖਣਗੇ।
ਇਹ ਵੀ ਪੜੋ: ਬਿਜਲੀ ਕੱਟਾਂ ਖਿਲਾਫ ਪ੍ਰਦਰਸ਼ਨ ਕਰਨ ਆਏ BJP ਆਗੂ ਕਿਸਾਨਾਂ ਨੇ ਭਜਾਏ