ਜਲੰਧਰ: ਜਿੱਥੇ ਇੱਕ ਪਾਸੇ ਸ੍ਰੀ ਹਜ਼ੂਰ ਸਾਹਿਬ ਤੋਂ ਆਈਆਂ ਸੰਗਤਾਂ ਵਿੱਚ ਲਗਾਤਾਰ ਕੋਰੋਨਾ ਦੇ ਮਾਮਲੇ ਵਧਦੇ ਨਜ਼ਰ ਆ ਰਹੇ ਹਨ ਅਤੇ ਉੱਥੇ ਹੀ ਹੁਣ ਇਹ ਰਾਜਨੀਤਿਕ ਮੁੱਦਾ ਵੀ ਬਣਦਾ ਜਾ ਰਿਹਾ ਹੈ।
ਕਾਂਗਰਸੀ ਵਿਧਾਇਕ ਅਤੇ ਸਾਬਕਾ ਓਲੰਪੀਅਨ ਪਰਗਟ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਲਾਗੂ ਕੀਤੇ ਲੌਕਡਾਊਨ ਦੇ ਫੈਸਲੇ ਨੂੰ ਕਾਹਲੀ ਵਿੱਚ ਲਿਆ ਫੈਸਲਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਕੁਝ ਸਮਾਂ ਦੇਣਾ ਚਾਹੀਦਾ ਸੀ ਜਿਹੜੇ ਲੋਕ ਆਪਣੇ ਘਰਾਂ ਤੋਂ ਦੂਰ ਗਏ ਸਨ ਤਾਂ ਕਿ ਉਹ ਵਾਪਸ ਆ ਸਕਦੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਤੋਂ ਪਹਿਲਾਂ ਸਰਕਾਰ ਨੂੰ ਮੁੱਖ ਮੰਤਰੀਆਂ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਸੀ।
ਉਨ੍ਹਾਂ ਨੇ ਸ਼ਰਧਾਲੂਆਂ ਨੂੰ ਬੱਸਾਂ ਰਾਹੀਂ ਪੰਜਾਬ ਲਿਆਉਣ 'ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਸਰਕਾਰ ਨੂੰ ਇਨ੍ਹਾਂ ਸ਼ਰਧਾਲੂਆਂ ਲਈ ਰੇਲਾਂ ਦਾ ਇੰਤਜ਼ਾਮ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ 35-35 ਘੰਟਿਆਂ ਦਾ ਸਫਰ ਕਰਕੇ ਪੰਜਾਬ ਪੁੱਜ ਰਹੇ ਸ਼ਰਧਾਲੂ ਪਹਿਲਾਂ ਹੀ ਮਾਨਸਿਕ ਰੂਪ ਨਾਲ ਪ੍ਰੇਸ਼ਾਨ ਹਨ ਅਤੇ ਇਸ ਪ੍ਰੇਸ਼ਾਨੀ ਵਿੱਚ ਕਿਸੇ ਦਾ ਵੀ ਇਮਿਊਨਿਟੀ ਸਿਸਟਮ ਖਰਾਬ ਹੋ ਸਕਦਾ ਹੈ।
ਇਹ ਵੀ ਪੜੋ: ਆਪ' ਨੇ 'ਮੈਂ ਵੀ ਮਨਜੀਤ ਸਿੰਘ ਹਾਂ' ਮੁਹਿੰਮ ਕੀਤੀ ਸ਼ੁਰੂ, ਭਗਵੰਤ ਮਾਨ ਨੇ ਘਰ ਦੇ ਬਾਹਰ ਕੀਤਾ ਪ੍ਰਦਰਸ਼ਨ
ਉਨ੍ਹਾਂ ਪੰਜਾਬ ਸਰਕਾਰ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਚੁੱਕਦਿਆਂ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਜਲਦੀ ਵਿੱਚ ਕਾਰਵਾਈ ਕਰਨ ਦੀ ਜਗ੍ਹਾ ਇਨ੍ਹਾਂ ਸ਼ਰਧਾਲੂਆਂ ਦੇ ਰਹਿਣ ਦਾ ਇੰਤਜ਼ਾਮ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਬਣੀਆਂ ਸਰਾਵਾਂ ਵਿੱਚ ਕਰਨਾ ਚਾਹੀਦਾ ਸੀ।