ਜਲੰਧਰ: ਗੰਨਾ ਕਿਸਾਨਾਂ ਦਾ ਧਰਨਾ ਅੱਜ ਤੀਜੇ ਦਿਨ ਵਿੱਚ ਸ਼ਾਮਲ ਹੋ ਗਿਆ। ਗੰਨੇ ਦਾ ਘੱਟ ਮੁੱਲ ਤੇ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈਕੇ ਕਿਸਾਨਾਂ ਵੱਲੋਂ ਪਿਛਲੇ 2 ਦਿਨਾਂ ਤੋਂ ਜਲੰਧਰ ਦੇ ਰਾਸ਼ਟਰੀ ਰਾਜਮਾਰਗ ਤੇ ਰੇਲ ਟਰੈਕ ਨੂੰ ਬੰਦ ਰੱਖਿਆ ਗਿਆ ਹੈ। ਹਾਲਾਂਕਿ ਕਿਸਾਨਾਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਦੇ ਮੰਤਰੀ ਨਾਲ ਇੱਕ ਮੀਟਿੰਗ ਵੀ ਕੀਤੀ ਗਈ ਸੀ। ਜੋ ਬੇਸਿੱਟਾ ਰਹੀ। ਇਸ ਮੀਟਿੰਗ ਵਿੱਚ ਕਿਸਾਨ ਆਗੂ ਤੇ ਪੰਜਾਬ ਦੇ ਕੈਬਨਿਟ ਮੰਤਰੀ ਸ਼ਾਮਲ ਸਨ।
ਜਲੰਧਰ ਵਿਖੇ ਧਰਨੇ ਵਾਲੀ ਥਾਂ ‘ਤੇ ਕਿਸਾਨ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸੀ, ਕਿ ਸਰਕਾਰ ਨਾਲ ਮੀਟਿੰਗ ਵਿੱਚ ਕੋਈ ਸਹਿਮਤੀ ਬਣੇਗੀ ਅਤੇ ਧਰਨਾ ਚੁੱਕਿਆ ਜਾਏਗਾ, ਪਰ ਅਜਿਹਾ ਕੋਈ ਵੀ ਨਹੀਂ ਹੋਇਆ।
ਧਰਨੇ ਵਾਲੀ ਥਾਂ ‘ਤੇ ਕਿਸਾਨ ਰੱਖੜੀ ਦਾ ਤਿਉਹਾਰ ਮਨਾਉਂਦੇ ਹੋਏ ਵੀ ਨਜ਼ਰ ਆਏ। ਅੱਜ ਦੀ ਮੀਟਿੰਗ ਬੇਸਿੱਟ ਰਹਿਣ ਦੇ ਕਾਰਨ ਹੁਣ ਕੱਲ੍ਹ ਜਲੰਧਰ ਵਿਖੇ ਕਿਸਾਨ ਆਗੂਆਂ ਤੇ ਕੈਬਨਿਟ ਮੰਤਰੀਆਂ ਵਿਚਾਲੇ ਮੀਟਿੰਗ ਹੋਵੇਗੀ।
ਉਧਰ ਮਸਲਾ ਹੱਲ ਨਾ ਹੋਣ ਤੱਕ ਕਿਸਾਨਾਂ ਵੱਲੋਂ ਆਪਣਾ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ।। ਕਿਸਾਨ ਆਗੂ ਮੁਕੇਸ਼ ਚੰਦਰ ਨੇ ਦੱਸਿਆ, ਕਿ ਪਿਛਲੇ ਤਿੰਨ ਦਿਨਾਂ ਤੋਂ ਕਿਸਾਨ ਧਰਨੇ ‘ਤੇ ਬੈਠੇ ਹਨ।
ਉਨ੍ਹਾਂ ਨੇ ਕਿਹਾ, ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਹੋਣ ਦੇ ਦਾਅਵੇ ਕਰਦੀ ਹੈ, ਪਰ ਦੂਜੇ ਪਾਸੇ ਆਪਣੇ ਹੀ ਸੂਬੇ ਵਿੱਚ ਕਿਸਾਨਾਂ ਦੀ ਲੁੱਟ ਵੀ ਕਰਵਾ ਰਹੀ ਹੈ। ਉਨ੍ਹਾਂ ਨੇ ਕਿਹਾ, ਕਿ ਕਿਸਾਨਾਂ ਦੇ ਹੱਕ ਦਾ ਪੈਸਾ ਵੀ ਉਨ੍ਹਾਂ ਨੂੰ ਨਹੀਂ ਦਿੱਤਾ ਜਾ ਰਿਹਾ। ਬਾਕੀ ਦੀ ਤਾਂ ਆਸ ਹੀ ਕੀ ਕਰਨੀ ਹੈ।