ਜਲੰਧਰ: ਰਣਦੀਪ ਸੁਰਜੇਵਾਲਾ ਦੇ ਕਾਂਗਰਸ ਦੇ ਸੀਐਮ ਚਿਹਰੇ (Punjab Congress CM) ਦੇ ਬਿਆਨ ਨੂੰ ਲੈਕੇ ਪੰਜਾਬ ਦੀ ਸਿਆਸਤ ਭਖ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਵਨ ਟੀਨੂੰ ਨੇ ਕਿਹਾ ਕਿ ਜਦੋਂ ਵੀ ਕੋਈ ਰੂਲਿੰਗ ਪਾਰਟੀ ਚੋਣਾਂ ਵਿੱਚ ਆਪਣੇ ਸੀਐਮ ਦਾ ਐਲਾਨ ਕਰਦੀ ਹੈ ਤਾਂ ਉਹ ਉਸੇ ਵਿਅਕਤੀ ਦੀ ਸੂਚੀ ਬਣਾਉਂਦੀ ਹੈ ਜੋ ਪਹਿਲਾਂ ਸੀਐਮ ਰਹਿ ਚੁੱਕਿਆ ਹੈ। ਉਨ੍ਹਾਂ ਕਾਂਗਗਸ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਹੁਣ ਕਾਂਗਰਸ ਵੱਲੋਂ ਚਰਨਜੀਤ ਚੰਨੀ ਦੇ ਨਾਲ-ਨਾਲ ਨਵਜੋਤ ਸਿੱਧੂ ਅਤੇ ਸੁਨੀਲ ਜਾਖੜ ਦਾ ਨਾਮ ਲੈਣ ਕਰਕੇ ਇਹ ਸਾਫ਼ ਹੋ ਗਿਆ ਹੈ ਕਿ ਕਾਂਗਰਸ ਨੇ ਚਰਨਜੀਤ ਚੰਨੀ ਕੋਲੋਂ ਸਿਰਫ਼ ਇੱਕ ਨਾਈਟ ਵਾਚਮੈਨ ਦੀ ਤਰ੍ਹਾਂ ਕੰਮ ਲਿਆ ਹੈ। ਪਵਨ ਟੀਨੂੰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ ਚਾਰ ਸਾਲ ਪੰਜਾਬ ਵਿੱਚ ਕੋਈ ਕੰਮ ਨਹੀਂ ਕੀਤਾ ਅਤੇ ਜੇ ਹੁਣ ਚਰਨਜੀਤ ਚੰਨੀ ਨੇ ਚੰਗੇ ਕੰਮ ਕੀਤੇ ਨੇ ਤਾਂ ਕਾਂਗਰਸ ਉਨ੍ਹਾਂ ਦੀ ਜਗ੍ਹਾ ਦੋ ਹੋਰ ਸੀਐਮ ਚਿਹਰਿਆਂ ਲਈ ਲਈ ਕਿਉਂ ਸੋਚ ਰਹੀ ਹੈ।
ਚਰਨਜੀਤ ਚੰਨੀ ਨੂੰ ਐੱਸ ਸੀ ਭਾਈਚਾਰੇ ਵਿੱਚੋਂ ਇੱਕ ਸੀ ਐੱਮ ਬਣਾਉਣ ’ਤੇ ਪਵਨ ਟੀਨੂੰ ਨੇ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਦਲਿਤਾਂ ਨਾਲ ਵਿਤਕਰਾ ਕਰ ਰਹੀ ਹੈ ਕਿਉਂਕਿ ਪੰਜਾਬ ਵਿੱਚ ਕਾਂਗਰਸ ਵੱਲੋਂ ਜੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਵੀ ਦਿੱਤਾ ਗਿਆ ਸੀ ਤਾਂ ਚੰਨੀ ਦਾ ਖ਼ੁਦ ਕਹਿਣਾ ਸੀ ਕਿ ਕੰਮ ਸਿਰਫ਼ ਉਹੀ ਹੁੰਦੇ ਨੇ ਜੋ ਨਵਜੋਤ ਸਿੰਘ ਸਿੱਧੂ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਫਿਰ ਚਾਹੇ ਗੱਲ ਪੰਜਾਬ ਵਿੱਚ ਡੀਜੀਪੀ ਨੂੰ ਬਦਲਣ ਦੀ ਹੋਵੇ ਜਾਂ ਫਿਰ ਐਡਵੋਕੇਟ ਜਨਰਲ ਨੂੰ ਬਦਲਣ ਦੀ ਹਰ ਜਗ੍ਹਾ ਨਵਜੋਤ ਸਿੰਘ ਸਿੱਧੂ ਦੀ ਹੀ ਚੱਲੀ ਹੈ।
ਉਨ੍ਹਾਂ ਕਿਹਾ ਕਿ ਹੁਣ ਜੋ ਕੁਝ ਕਾਂਗਰਸ ਕਰ ਰਹੀ ਹੈ ਉਸ ਤੋਂ ਆਮ ਲੋਕੀਂ ਬਹੁਤ ਚੰਗੀ ਤਰ੍ਹਾਂ ਜਾਣੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਲੋਕ ਇਹ ਜਾਣਦੇ ਹਨ ਕਿ ਕਾਂਗਰਸ ਦੇ ਅੰਦਰ ਹੀ ਇੰਨ੍ਹਾਂ ਕਲੇਸ਼ ਹੈ ਕਿ ਉਹ ਹੋਰ ਕਿਸੇ ਕੰਮ ਵੱਲ ਧਿਆਨ ਹੀ ਨਹੀਂ ਦਿੰਦੇ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ 2022: ਡੇਰਾ ਵੋਟਰਾਂ 'ਤੇ ਸਿਆਸਤਦਾਨਾਂ ਦੀ ਟੇਕ