ਜਲੰਧਰ: ਉਹ ਸੁਣ ਨਹੀਂ ਸਕਦੀ ਪਰ ਸਾਹਮਣੇ ਵਾਲੇ ਦਾ ਦਿਮਾਗ ਪੜ੍ਹਨ ਵਿੱਚ ਉਸ ਦਾ ਕੋਈ ਸਾਨੀ ਨਹੀਂ, ਉਹ ਬੋਲ ਨਹੀਂ ਸਕਦੀ ਪਰ ਚੰਗੇ ਚੰਗਿਆਂ ਦੀ ਬੋਲਤੀ ਬੰਦ ਕਰ ਦਿੰਦੀ ਹੈ। ਕੁਝ ਅਜਿਹੀ ਹੀ ਹੈ ਜਲੰਧਰ ਸ਼ਹਿਰ ਦੇ ਬਸਤੀ ਸ਼ੇਖ ਇਲਾਕੇ ਦੀ ਰਹਿਣ ਵਾਲੀ ਮਲਿਕਾ ਹਾਂਡਾ। ਮਲਿਕਾ ਹਾਂਡਾ ਨਾ ਤਾਂ ਸੁਣ ਸਕਦੀ ਹੈ ਨਾ ਬੋਲ ਸਕਦੀ ਹੈ ਪਰ ਸ਼ਤਰੰਜ ਵਿੱਚ ਉਸ ਦਾ ਦਿਮਾਗ ਇੰਝ ਚੱਲਦਾ ਹੈ ਕਿ ਉਸ ਨੂੰ ਹਰਾਉਣਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੋ ਜਾਂਦਾ ਹੈ, ਪਰੰਤੂ ਦੁਨੀਆਂ ਵਿੱਚ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੀ ਇਹ ਕੁੜੀ ਪੰਜਾਬ ਸਰਕਾਰ ਤੋਂ ਮਦਦ ਨਾ ਮਿਲਣ ਕਾਰਨ ਨਿਰਾਸ਼ ਵੀ ਹੈ।
ਅਕਸਰ ਘਰ ਵਿੱਚ ਆਪਣੇ ਵੱਡੇ ਭਰਾ ਅਤੁਲ ਹਾਂਡਾ ਨਾਲ ਸ਼ਤਰੰਜ ਖੇਡਣ ਵਾਲੀ ਮਲਿਕਾ ਕਈ ਕੌਮੀ ਅਤੇ ਕੌਮਾਂਤਰੀ ਤਮਗ਼ੇ ਵੀ ਜਿੱਤ ਚੁੱਕੀ ਹੈ। ਦੁਨੀਆ ਦਾ ਹਰ ਸ਼ਤਰੰਜ ਖੇਡਣ ਵਾਲਾ ਖਿਡਾਰੀ ਉਸ ਚੰਗੀ ਤਰ੍ਹਾਂ ਜਾਣਦਾ ਹੈ। ਇਥੋਂ ਤੱਕ ਕਿ ਉਸਦੀ ਖੇਡ ਦੀ ਗੂੰਜ ਰਾਸ਼ਟਰਪਤੀ ਭਵਨ ਦੇ ਗਲਿਆਰਿਆਂ ਤੱਕ ਵੀ ਪੁੱਜੀ ਅਤੇ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪਣੇ ਹੱਥੀ ਉਸ ਨੂੰ ਐਵਾਰਡ ਦੇ ਕੇ ਸਨਮਾਨਤ ਵੀ ਕੀਤਾ ਹੈ।
ਈਟੀਵੀ ਭਾਰਤ ਵੱਲੋਂ ਇਸ ਅਦਭੁੱਤ ਸਮਰੱਥਾ ਵਾਲੀ ਮਲਿਕਾ ਦੇ ਮਾਪਿਆਂ ਨਾਲ ਗੱਲਬਾਤ ਵੀ ਕੀਤੀ ਗਈ। ਅੰਗਹੀਣ ਹੋਣ ਦੇ ਬਾਵਜੂਦ ਆਪਣੀ ਧੀ ਦੀ ਅਜਿਹੀ ਕਾਮਯਾਬੀ 'ਤੇ ਖੁਸ਼ ਮਾਤਾ ਰੇਨੂੰ ਹਾਂਡਾ ਅਤੇ ਪਿਤਾ ਸੁਰੇਸ਼ ਹਾਂਡਾ ਨੇ ਦੱਸਿਆ ਕਿ ਬਚਪਨ ਵਿੱਚ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਮਲਿਕਾ ਨਾ ਬੋਲ ਸਕਦੀ ਹੈ ਨਾ ਹੀ ਸੁਣ ਸਕਦੀ ਹੈ ਤਾਂ ਉਹ ਉਸਦੇ ਇਲਾਜ ਲਈ ਕਈ ਡਾਕਟਰਾਂ ਕੋਲ ਲੈ ਕੇ ਗਏ ਪਰ ਕੋਈ ਵੀ ਫ਼ਾਇਦਾ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਬਚਪਨ ਤੋਂ ਹੀ ਮਲਿਕਾ ਨੂੰ ਡਾਂਸ ਕਰਨ ਅਤੇ ਸ਼ਤਰੰਜ ਖੇਡਣ ਦਾ ਸ਼ੌਕ ਸੀ। ਉਹ ਆਪਣੇ ਪਰਿਵਾਰ ਵਿੱਚ ਬੈਠ ਕੇ ਅਤੇ ਆਪਣੇ ਵੱਡੇ ਭਰਾ ਨਾਲ ਸ਼ਤਰੰਜ ਦੀਆਂ ਬਾਜ਼ੀਆਂ ਲਾਉਂਦੇ ਸੀ। ਮਲਿਕਾ ਦੇ ਮਾਪਿਆਂ ਮੁਤਾਬਕ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਜੋ ਸ਼ਤਰੰਜ ਉਨ੍ਹਾਂ ਦੀ ਬੇਟੀ ਘਰ ਬੈਠ ਕੇ ਬਿਨਾਂ ਕਿਸੇ ਮਦਦ ਤੋਂ ਪਰਿਵਾਰ ਵਿੱਚ ਖੇਡਦੀ ਹੈ ਉਹ ਸ਼ਤਰੰਜ ਉਸ ਨੂੰ ਇੱਕ ਦਿਨ ਦੁਨੀਆ ਵਿੱਚ ਉਸ ਦੀ ਪਛਾਣ ਬਣ ਜਾਵੇਗੀ।
ਮਲਿਕਾ ਹਾਂਡਾ ਸੱਤ ਵਾਰ ਕੌਮੀ ਚੈਂਪੀਅਨਸ਼ਿਪ ਜਿੱਤ ਚੁੱਕੀ ਹੈ, ਜੋ ਉਸ ਨੇ ਆਪਣੇ ਬਲਬੂਤੇ ਉਪਰ ਘਰ ਰਹਿ ਕੇ ਬਿਨਾਂ ਪ੍ਰੈਕਟਿਸ ਤੋਂ ਕੀਤਾ ਹੈ।
ਮਲਿਕਾ ਦੇ ਮਾਪਿਆਂ ਨੇ ਇਸ ਦੌਰਾਨ ਪੰਜਾਬ ਸਰਕਾਰ ਨਾਲ ਗਿਲਾ ਵੀ ਕੀਤਾ ਕਿ ਉਨ੍ਹਾਂ ਦੀ ਧੀ ਵੱਲੋਂ ਇੰਨਾ ਮਾਣ-ਸਨਮਾਨ ਹਾਸਲ ਕਰਨ ਦੇ ਬਾਵਜੂਦ ਸਰਕਾਰ ਨੇ ਮਲਿਕਾ ਦੀ ਹੋਰ ਉਪਲਬੱਧੀਆਂ ਹਾਸਲ ਕਰਨ ਲਈ ਕੋਚ ਜਾਂ ਵਿਦੇਸ਼ ਜਾ ਕੇ ਖੇਡਣ ਲਈ ਕੋਈ ਮਾਲੀ ਮਦਦ ਨਹੀਂ ਕੀਤੀ ਹੈ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਜਿੱਥੇ ਬੱਚੇ ਆਪਣੀ ਮਿਹਨਤ ਨਾਲ ਖੇਡਾਂ ਅਤੇ ਪੜ੍ਹਾਈ ਵਿੱਚ ਏਨੀ ਅੱਗੇ ਜਾ ਰਹੇ ਹਨ ਅਤੇ ਦੇਸ਼-ਪ੍ਰਦੇਸ਼ ਦਾ ਨਾਂਅ ਰੌਸ਼ਨ ਕਰ ਰਹੇ ਹਨ। ਉਧਰ, ਦੂਸਰੇ ਪਾਸੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਐਸੇ ਬੱਚਿਆਂ ਲਈ ਕੁਝ ਖਾਸ ਇੰਤਜ਼ਾਮ ਕੀਤੇ ਜਾਣ ਤਾਂ ਕਿ ਇਨ੍ਹਾਂ ਬੱਚਿਆਂ ਦੇ ਨਾਲ ਨਾਲ ਬਾਕੀ ਬੱਚਿਆਂ ਦਾ ਵੀ ਹੌਸਲਾ ਵਧੇ।