ਜਲੰਧਰ :ਕੋਰੋਨਾ ਕਰਕੇ ਪੂਰੇ ਦੇਸ਼ ਵਿੱਚ ਹਾਹਾਕਾਰ ਮਚੀ ਹੋਈ ਹੈ। ਇਕ ਪਾਸੇ ਜਿਥੇ ਵਪਾਰ ਮੂਧੇ ਮੂੰਹ ਡਿੱਗੇ ਹੋਏ ਨੇ ਉਧਰ ਇਨ੍ਹਾਂ ਵਪਾਰਾਂ ਦੇ ਰੁਕਣ ਕਰਕੇ ਇਨ੍ਹਾਂ ਨਾਲ ਜੁੜੇ ਲੋਕ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਨੇ । ਇਨ੍ਹਾਂ ਵਪਾਰਾਂ ਵਿੱਚੋਂ ਇਕ ਮੁੱਖ ਵਪਾਰ ਹੈ ਹੋਟਲ ਰੈਸਟੋਰੈਂਟ ਦਾ। ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਵਿੱਚ ਕੋਰੋਨਾ ਕਰਕੇ ਇਹ ਵਪਾਰ ਪਿਛਲੇ ਡੇਢ ਸਾਲ ਤੋਂ ਬੰਦ ਪਿਆ ਹੈ । ਸਰਕਾਰ ਵੱਲੋਂ ਨਾਈਟ ਕਰਫ਼ਿਊ, ਵਿਆਹ ਸ਼ਾਦੀਆਂ ਵਿੱਚ ਲੋਕਾਂ ਦੀ ਸੀਮਤ ਗਿਣਤੀ, ਹੋਟਲ ਚ ਬੈਠ ਕੇ ਖਾਣਾ ਖਾਣ ਦੀ ਮਨ੍ਹਾਈ ਆਦਿ ਨੇ ਇਸ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ।
ਜਾਣਕਾਰਾਂ ਦੀ ਮੰਨੀਏ ਤਾਂ ਪੰਜਾਬ ਵਿਚ ਛੋਟੇ ਮੋਟੇ ਹੋਟਲ ਰੈਸਟੋਰੈਂਟਾਂ ਤੋਂ ਲੈ ਕੇ ਵੱਡੇ ਅਤੇ ਨੈਸ਼ਨਲ, ਇੰਟਰਨੈਸ਼ਨਲ ਚੇਨ ਦੇ ਹੋਟਲ ਅਤੇ ਰੈਸਟੋਰੈਂਟ ਮੌਜੂਦ ਨੇ। ਪੰਜਾਬ ਵਿੱਚ ਇਨ੍ਹਾਂ ਦੀ ਗਿਣਤੀ ਕਰੀਬ 5000 ਦੇ ਆਸ ਪਾਸ ਹੈ। ਇਨ੍ਹਾਂ ਹੋਟਲਾਂ ਅਤੇ ਰੈਸਟੋਰੈਂਟਾਂ ਨਾਲ ਪੰਜਾਬ ਵਿੱਚ ਕਰੀਬ 3 ਲੱਖ ਲੋਕਾਂ ਦੇ ਪਰਿਵਾਰ ਚੱਲਦੇ ਨੇ। ਇਹੀ ਨਹੀਂ ਇਸ ਵਪਾਰ ਵਿਚ ਪੰਜਾਬ ਤੋਂ ਇਲਾਵਾ ਪੂਰੇ ਦੇਸ਼ ਅਤੇ ਵਿਦੇਸ਼ਾਂ ਤੋਂ ਵੀ ਲੋਕ ਜੁੜੇ ਹੋਏ ਨੇ ਜੋ ਅੱਜ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਕੰਮ ਕਾਜ ਘੱਟ ਹੋਣ ਕਰਕੇ ਵਿਹਲੇ ਬੈਠੇ ਹੋਏ ਨੇ। ਜਾਣਕਾਰਾਂ ਮੁਤਾਬਕ ਕੋਰੋਨਾ ਕਾਲ ਦੇ ਚਲਦੇ ਸਰਕਾਰ ਵਲੋਂ ਦਿੱਤੀਆਂ ਗਈਆਂ ਗਾਈਡਲਾਈਨਜ਼ ਕਰਕੇ ਬੰਦ ਹੋਏ ਇਨ੍ਹਾਂ ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਪੰਜਾਬ ਵਿੱਚ ਹਰ ਮਹੀਨੇ 960 ਕਰੋੜ ਦਾ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਮੁਤਾਬਕ ਪੰਜਾਬ ਦੀ ਇਹ ਹੋਟਲ ਇੰਡਸਟਰੀ ਹਰ ਮਹੀਨੇ ਕਰੀਬ 250 ਕਰੋੜ ਰੁਪਿਆ ਲੋਕਾਂ ਨੂੰ ਤਨਖਾਹ ਦੇ ਰੂਪ ਵਿੱਚ ਦਿੰਦੀ ਹੈ ਜਿਸ ਨਾਲ ਇੱਥੇ ਕੰਮ ਕਰਨ ਵਾਲੇ ਲੋਕਾਂ ਦੇ ਘਰ ਬਾਰ ਚੱਲਦੇ ਹਨ।
ਇਸ ਦੇ ਨਾਲ ਨਾਲ ਇਸ ਵਪਾਰ ਨਾਲ ਹੋਰ ਬਹੁਤ ਸਾਰੇ ਵਪਾਰ ਜੁੜੇ ਨੇ ਜਿਸ ਵਿੱਚ ਡੀਜੇ, ਹੋਟਲਾਂ ਦੀ ਸਜਾਵਟ ,ਲਾਈਟ ਸਿਸਟਮ , ਡਾਂਸ ਗਰੁੱਪ ਵਰਗੇ ਲੋਕ ਵੀ ਹੋਟਲਾਂ ਦੇ ਵਿਚ ਕੰਮ ਨਾ ਹੋਣ ਕਰਕੇ ਘਰਾਂ ਵਿੱਚ ਵਿਹਲੇ ਬੈਠਣ ਨੂੰ ਮਜਬੂਰ ਹਨ।
ਹੋਟਲ ਮਾਲਕ ਸਰਕਾਰ ਤੋਂ ਇਹ ਮੰਗ ਕਰਦੇ ਹਨ ਕਿ ਬਜਾਏ ਹੋਟਲਾਂ ਅਤੇ ਰੈਸਟੋਰੈਂਟਾਂ ਉੱਪਰ ਇੰਨੀ ਸਖ਼ਤੀ ਕਰਨ ਦੀ ਲੋਕਾਂ ਦੇ ਟੀਕਾਕਰਨ ਵੱਲ ਜ਼ੋਰ ਦੇਣਾ ਚਾਹੀਦਾ ਹੈ ਤਾਂ ਕਿ ਇਹ ਹੋਟਲ ਕਾਰੋਬਾਰ ਮੁੜ ਲੀਹ ਤੇ ਆ ਸਕੇ । ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਜਿਸ ਤਰ੍ਹਾਂ ਬਾਕੀ ਇੰਡਸਟਰੀਜ਼ ਨੂੰ ਚੱਲਣ ਦੀ ਇਜਾਜ਼ਤ ਦਿੰਦੀ ਹੈ ਉਸੇ ਤਰ੍ਹਾਂ ਹੋਟਲ ਇੰਡਸਟਰੀ ਨੂੰ ਵੀ ਪੰਜਾਹ ਫ਼ੀਸਦੀ ਗਾਹਕਾਂ ਨਾਲ ਚੱਲਣ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ।