ਜਲੰਧਰ : ਵਿਦੇਸ਼ੀ ਧਰਤੀ ਤੋਂ ਇਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ,ਦਰਅਸਲ ਕੈਨੇਡਾ ਵਿਚ ਮਸ਼ਹੂਰ ਨਿਆਗਰਾ ਫਾਲ ਦੇਖਣ ਗਈ ਪੰਜਾਬ ਦੀ ਕੁੜੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਲੜਕੀ ਜਲੰਧਰ ਦੇ ਲੋਹੀਆਂ ਖ਼ਾਸ ਦੀ ਰਹਿਣ ਵਾਲੀ ਸੀ। ਜਿਸ ਦੀ ਦਰਦਨਾਕ ਮੌਤ ਦੀ ਖਬਰ ਨੇ ਅੱਜ ਹਰ ਇਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮ੍ਰਿਤਕ ਲੜਕੀ ਦਾ ਨਾਮ ਪੂਨਮਦੀਪ ਕੌਰ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਪੂਨਮਦੀਪ ਕੌਰ ਆਪਣੇ ਦੋਸਤਾਂ ਨਾਲ ਘੁੰਮਣ ਗਈ ਸੀ। ਜਿਥੇ ਅਚਾਨਕ ਉਹ ਨਿਆਗਰਾ ਫਾਲ ਵਿਚ ਡਿੱਗ ਗਈ।
ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ : ਸੂਤਰਾਂ ਮੁਤਾਬਕ ਪੂਨਮਦੀਪ ਕੌਰ ਪੜ੍ਹਾਈ ਕਰਨ ਪਿਛਲੇ ਡੇਢ ਕੁ ਸਾਲ ਤੋਂ ਕੈਨੇਡਾ ਵਿੱਚ ਰਹਿ ਰਹੀ ਸੀ ਤੇ ਬੀਤੇ ਦਿਨ ਸਹੇਲੀਆਂ ਨਾਲ ਨਿਆਗਰਾ ਫ਼ਾਲ ਉਤੇ ਘੁੰਮਣ ਗਈ ਸੀ। ਪਰਿਵਾਰਿਕ ਮੈਂਬਰਾਂ ਦੀ ਗੱਲ ਕੀਤੀ ਜਾਵੇ ਤਾਂ ਲੜਕੀ ਦੇ ਪਿਤਾ ਰੋਜ਼ੀ ਰੋਟੀ ਕਮਾਉਣ ਲਈ ਲੰਬੇ ਸਮੇਂ ਤੋਂ ਮਨੀਲਾ ਦੇਸ਼ ਵਿੱਚ ਗਏ ਹਨ। ਮਿਲੀ ਜਾਣਕਾਰੀ ਮੁਤਾਬਿਕ ਹੁਣ ਲੜਕੀ ਦੀ ਮੌਤ ਦੀ ਖਬਰ ਨਾਲ ਹਰ ਕੋਈ ਨਮ ਹੈ ਅਤੇ ਘਰ ਪਰਿਵਾਰ ਵਿਚ ਸੋਗ ਦੀ ਲਹਿਰ ਹੈ। ਉਧਰ ਅਜੇ ਤੱਕ ਪਰਿਵਾਰ ਨੂੰ ਲਾਸ਼ ਦੀ ਵੀ ਕੋਈ ਜਾਣਕਾਰੀ ਨਹੀਂ ਮਿਲੀ ਕਿ ਲਾਸ਼ ਮਿਲੀ ਹੈ ਕਿ ਨਹੀਂ। ਇਸ ਦੀ ਜਾਣਕਾਰੀ ਇਸ ਤੋਂ ਬਾਅਦ ਪੂਨਮਦੀਪ ਦੇ ਰਿਸ਼ਤੇਦਾਰਾਂ ਵੱਲੋਂ ਉਥੋਂ ਅੰਬੈਸੀ ਰਾਹੀਂ ਲੋਹੀਆ ਸਥਿਤ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਪਹਿਲਾਂ ਵੀ ਹੋਈਆਂ ਕਈ ਮੌਤਾਂ : ਪੂਨਮਦੀਪ ਦੀ ਮੌਤ ਦੀ ਖਬਰ ਮਿਲਦੇ ਹੀ ਘਰ 'ਚ ਮਾਤਮ ਛਾ ਗਿਆ। ਪੂਨਮ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਲਗਾਤਾਰ ਆਪਣੇ ਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਇਕੱਠੀ ਕਰ ਰਹੇ ਹਨ। ਕਾਬਿਲੇਗੌਰ ਹੈ ਕਿ ਨਿਆਗਰਾ ਫਾਲ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ ਤੇ ਇਹ ਇਥੇ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਥੇ ਡੁੱਬਣ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।ਜ਼ਿਕਰਯੋਗ ਹੈ ਕਿ ਨੌਜਵਾਨ ਪੀੜ੍ਹੀ ਹੁਣ ਵਿਦੇਸ਼ ਦਾ ਰੁਖ ਅਖਤਿਆਰ ਕਰ ਰਹੀ ਹੈ ਸੁਖਾਲੇ ਭਵਿੱਖ ਦੇ ਲਈ। ਪਰ ਉਥੇ ਹੀ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੰਜਾਬੀਆਂ ਦੇ ਹਿਰਦੇ ਵੀ ਵਲੂੰਧਰੇ ਜਾ ਰਹੇ ਹਨ, ਕਿ ਪਹਿਲਾਂ ਹੀ ਬੱਚਿਆਂ ਨੂੰ ਦਿੱਲ 'ਤੇ ਪੱਥਰ ਰੱਖ ਆਪਣੇ ਤੋਂ ਦੂਰ ਕਰਦੇ ਹਨ। ਪਰ ਘਰ ਵਾਪਸੀ ਉਹਨਾਂ ਦੀਆਂ ਮੌਤ ਦੀਆਂ ਖਬਰਾਂ ਅਤੇ ਲਾਸ਼ਾਂ ਹੀ ਆਉਂਦੀਆਂ ਹਨ। ਦੱਸਣਯੋਗ ਹੈ ਕਿ ਪਹਿਲਾਂ ਵੀ ਨੌਜਵਾਨ ਇਥੇ ਕੁਝ ਬੱਚਿਆਂ ਦੀ ਮੌਤ ਹੋਈ ਸੀ ਅਤੇ ਕੁਝ ਨੂੰ ਸੜਕ ਹਾਦਸੇ ਵਿਚ ਜਾਨ ਗੁਆਉਣੀ ਪਈ ਹੈ।