ਜਲੰਧਰ: ਸੂਬੇ ਵਿੱਚ ਵੱਧ ਰਹੇ ਲੱਚਰ ਗਾਇਕੀ ਦੇ ਰੁਝਾਨ ਨੂੰ ਠੱਲ ਪਾਉਣ ਲਈ ਸੂਬਾ ਸਰਕਾਰ ਇਸੇ ਵਿਧਾਨ ਸਭਾ ਇਜਲਾਸ ਦੌਰਾਨ ਇੱਕ ਬਿੱਲ ਲੈ ਕੇ ਆਉਣ ਜਾ ਰਹੀ ਹੈ। ਇਸ ਦੀ ਜਾਣਕਾਰੀ ਸੱਭਿਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਵਿਖੇ ਇੱਕ ਸਮਗਾਮ ਦੌਰਾਨ ਸਾਂਝੀ ਕੀਤੀ ਹੈ।
ਪੰਜਾਬੀ ਗਾਇਕੀ ਵਿੱਚ ਲੱਚਰਤਾ, ਨਸ਼ੇ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਦੀ ਗਾਇਕੀ ਦਾ ਰੁਝਾਨ ਦਿਨੋਂ ਦਿਨ ਵੱਧ ਦਾ ਹੀ ਜਾ ਰਿਹਾ ਹੈ। ਜਿਸ ਨਾਲ ਪੰਜਾਬ ਦੀ ਜਵਾਨੀ ਵੱਡੇ ਪੱਧਰ 'ਤੇ ਨਸ਼ੇ ਅਤੇ ਗੈਂਗਵਾਰ ਵਰਗੀਆਂ ਸਮਾਜਿਕ ਬੂਰਾਈਆਂ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ।
ਇਸੇ ਲੱਚਰ ਗਾਇਕੀ ਦੇ ਕਾਰਨ ਪੰਜਾਬੀ ਸੱਭਿਆਚਾਰ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਵੱਖ-ਵੱਖ ਤਰ੍ਹਾਂ ਦੀਆਂ ਮੁਹਿੰਮਾਂ ਸ਼ੁਰੂ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ: ਬੱਚਿਆਂ ਸਾਹਮਣੇ 'ਧੱਕਾ' ਗੀਤ ਗਾਉਣਾ ਪਿਆ ਅਫ਼ਸਾਨਾ ਨੂੰ ਮਹਿੰਗਾ
ਹੁਣ ਇਸ ਮਾਮਲੇ ਵਿੱਚ ਪਹਿਲ ਕਦਮੀ ਕਰਦੇ ਹੋਏ ਪੰਜਾਬ ਸਰਕਾਰ ਅਗਾਮੀ ਵਿਧਾਨ ਸਭਾ ਦੇ ਇਜਲਾਸ ਦੌਰਾਨ ਲੱਚਰ ਗਾਇਕੀ ਨੂੰ ਠੱਲ ਪਾਉਣ ਦੇ ਲਈ ਇੱਕ ਬਿੱਲ ਲੈ ਕੇ ਆ ਰਹੀ ਹੈ। ਜਿਸ ਦੀ ਜਾਣਕਾਰੀ ਪੰਜਾਬ ਦੇ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ।ਉਨ੍ਹਾਂ ਆਖਿਆ ਕਿ ਪੰਜਾਬੀ ਸੱਭਿਆਚਾਰ ਲਈ ਚਨੌਤੀ ਬਣੀ ਲੱਚਰ ਗਾਇਕੀ ਨੂੰ ਰੋਕਣ ਲਈ ਸੂਬਾ ਸਰਕਾਰ ਗੰਭੀਰ ਹੈ ਅਤੇ ਸਰਕਾਰ ਇਸ ਨੂੰ ਰੋਕਣ ਲਈ ਠੋਸ ਕਾਨੂੰਨ ਲੈ ਕੇ ਆ ਰਹੀ ਹੈ।
ਇਸੇ ਨਾਲ ਹੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਪੰਜਾਬ ਸਰਜਾਰ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿਸ਼ੇਸ਼ ਸਮਾਗਮ ਕਰਵਾ ਰਹੀ ਹੈ। ਜਿਥੇ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵੰਗੀਆਂ ਦੀ ਪੇਸ਼ਕਾਰੀ ਕੀਤੀ ਜਾਵੇਗੀ । ਇਹ ਸਮਾਗਮ 15 ਤੋਂ 21 ਫਰਵਰੀ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਏ ਜਾਣਗੇ।ਇਸੇ ਨਾਲ ਹੀ 15,16 ਅਤੇ 17 ਮਾਰਚ ਨੂੰ ਇੱਕ ਫਿਲਮ ਮੇਲਾ ਜਲੰਧਰ ਵਿਖੇ ਕਰਵਾਇਆ ਜਾਵੇਗਾ।