ਜਲੰਧਰ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਭਲਕੇ ਭਗਵੰਤ ਮਾਨ ਨਵਾਂਸ਼ਹਿਰ ਵਿਖੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਬਤੌਰ ਮੁੱਖ ਮੰਤਰੀ ਸਹੁੰ ਚੁੱਕਣ ਜਾ ਰਹੇ ਹਨ। ਭਗਵੰਤ ਮਾਨ ਵਲੋਂ ਮੁੱਖ ਮੰਤਰੀ ਦੀ ਸਹੁੰ ਚੁੱਕਣ ਲਈ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਪਿੰਡ ਨੂੰ ਚੁਣਿਆ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ ਗਿਆ ਹੈ। ਇਸੇ ਦੇ ਚੱਲਦੇ ਨਵਾਂ ਸ਼ਹਿਰ ਪ੍ਰਸ਼ਾਸਨ ਵੱਲੋਂ ਇਸ ਸਮਾਗਮ ਦੀਆਂ ਤਿਆਰੀਆਂ ਤਕਰੀਬਨ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਹੁਣ ਇੰਤਜ਼ਾਰ ਹੈ ਕੱਲ੍ਹ ਦਾ ਜਦੋਂ ਭਗਵੰਤ ਮਾਨ ਇੱਥੇ ਪਹੁੰਚ ਕੇ ਪੰਜਾਬ ਦੇ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ।
ਇਨ੍ਹਾਂ ਤਿਆਰੀਆਂ ਦੇ ਚੱਲਦੇ ਇੱਥੇ ਖਟਕੜ ਕਲਾਂ ਵਿੱਚ ਇੱਕ ਵਿਸ਼ਾਲ ਪੰਡਾਲ ਬਣਾਇਆ ਗਿਆ ਹੈ। ਉਸ ਦੇ ਨਾਲ ਨਾਲ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦੇ ਇੱਥੇ ਪਹੁੰਚਣ ਦੇ ਅੰਦੇਸ਼ੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਭਾਰੀ ਪੁਲਿਸ ਫੋਰਸ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ ਤਾਂ ਕਿ ਕਿਸੇ ਵੀ ਕਿਸਮ ਦੀ ਕੋਈ ਅਣਸੁਖਾਵੀਂ ਘਟਨਾ ਇੱਥੇ ਨਾ ਵਾਪਰ ਸਕੇ।
ਓਧਰ ਲੱਖਾਂ ਦੀ ਗਿਣਤੀ ਵਿੱਚ ਪਹੁੰਚਣ ਵਾਲੇ ਲੋਕਾਂ ਦੀਆਂ ਗੱਡੀਆਂ ਲਈ ਬਣਾਈ ਜਾਣ ਵਾਲੀ ਪਾਰਕਿੰਗ ਲਈ ਪ੍ਰਸ਼ਾਸਨ ਵੱਲੋਂ ਚਾਲੀ ਏਕੜ ਖੇਤ ਵਿੱਚ ਲੱਗੀ ਕਣਕ ਨੂੰ ਵਾਹ ਕੇ ਇਸ ਜਗ੍ਹਾ ਨੂੰ ਪਾਰਕਿੰਗ ਲਈ ਤਿਆਰ ਕੀਤਾ ਗਿਆ ਹੈ।
ਪ੍ਰਸ਼ਾਸਨ ਵੱਲੋਂ ਇਸ ਦੀਆਂ ਤਿਆਰੀਆਂ ਬਾਰੇ ਦੱਸਦੇ ਹੋਏ ਆਈਏਐਸ ਅਧਿਕਾਰੀ ਮਨਵੇਸ਼ ਸਿੰਘ ਸਿੱਧੂ ਨੇ ਦੱਸਿਆ ਕਿ ਕੱਲ੍ਹ ਸਹੁੰ ਚੁੱਕ ਸਮਾਗਮ ਲਈ ਕਰੀਬ ਤਿੰਨ ਲੱਖ ਲੋਕਾਂ ਦਾ ਇੱਥੇ ਪਹੁੰਚਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਤਕਰੀਬਨ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜਿੰਨ੍ਹਾਂ ਕਿਸਾਨਾਂ ਦੀ ਜ਼ਮੀਨ ਸਮਾਗਮ ਨੂੰ ਦੇਖਦੇ ਹੋਏ ਪਾਰਕਿੰਗ ਲਈ ਇਕਵਾਇਰ ਕੀਤੀ ਗਈ ਹੈ ਉਨ੍ਹਾਂ ਨੂੰ ਉਸ ਦੀ ਬਣਦੀ ਕੀਮਤ ਦੇ ਦਿੱਤੀ ਗਈ ਹੈ।
ਦੂਜੇ ਪਾਸੇ ਜਿੰਨ੍ਹਾਂ ਕਿਸਾਨਾਂ ਦੀ ਜ਼ਮੀਨ ਇਸ ਕੰਮ ਲਈ ਇਕਵਾਇਰ ਕੀਤੀ ਗਈ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਮੁਆਵਜ਼ੇ ਬਾਰੇ ਪਟਵਾਰੀ ਹਾਲੇ ਕਾਗਜ਼ੀ ਕਾਰਵਾਈ ਹੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਅਜੇ ਤੱਕ ਕਿਸੇ ਨੂੰ ਜ਼ਮੀਨ ਦੀ ਫ਼ਸਲ ਦਾ ਮੁਆਵਜ਼ਾ ਨਹੀਂ ਮਿਲਿਆ ਪਰ ਉਨ੍ਹਾਂ ਵਿੱਚ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਪਹਿਲੀ ਵਾਰ ਕੋਈ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ’ਤੇ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਬਤੌਰ ਮੁੱਖ ਮੰਤਰੀ ਸਹੁੰ ਚੁੱਕਣ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਧ ਮਹਿੰਗਾ ਹੋਵੇਗਾ ਭਗਵੰਤ ਮਾਨ ਦਾ ਸਹੁੰ ਚੁੱਕ ਸਮਾਗਮ...ਵੇਖੋ ਖਾਸ ਰਿਪੋਰਟ 'ਚ