ਜਲੰਧਰ: ਨਡਾਲਾ ਢਿਲਵਾਂ ਸੜਕ 'ਤੇ ਸਥਿਤ ਸ਼ਰਾਬ ਦੇ ਠੇਕੇ ਕੋਲ ਬੀਤੀ ਸ਼ਾਮ ਪਤੰਗਬਾਜ਼ੀ ਕਰਦਿਆਂ ਇੱਕ ਦੂਜੇ ਦੀ ਪਤੰਗ ਕੱਟੇ ਜਾਣ ਨੂੰ ਲੈ ਕੇ ਦੋ ਮੁੰਡਿਆਂ ਵਿੱਚ ਤਕਰਾਰ ਹੋ ਗਈ, ਜਿਸ ਤੋਂ ਬਾਅਦ ਇੱਕ ਮੁੰਡੇ ਦੇ ਪਿਤਾ ਦੇ ਪੁਲਿਸ ਮੁਲਾਜ਼ਮ ਹੋਣ ਕਾਰਨ ਉਸ ਨੇ ਦੂਜੇ ਮੁੰਡੇ ਦੀ ਸਰਕਾਰੀ ਬੈਲਟ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਹ ਜ਼ਖਮੀਂ ਹੋ ਗਿਆ।
ਪੀੜਤ ਮੁੰਡੇ ਅਨੁਰਾਗ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਅੱਡਾ ਨਡਾਲਾ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਕਿ ਲੰਘੀ ਸ਼ਾਮ ਕਰੀਬ 6-30 ਵਜੇ ਉਹ ਆਪਣੇ ਦੋਸਤ ਜਿੰਮੀ ਅਰੋੜਾ ਦੇ ਘਰ ਦੀ ਛੱਤ ਉਪਰ ਪਤੰਗ ਉਡਾ ਰਿਹਾ ਸੀ ਤਾਂ ਨਡਾਲਾ ਵਾਸੀ ਮੁੰਡੇ ਮਨਮੀਤ ਸਿੰਘ ਨੇ ਉਸਦੀ ਉੱਡਦੀ ਪਤੰਗ ਕੱਟ ਦਿੱਤੀ। ਉਸਤੋਂ ਬਾਅਦ ਉਸਨੇ ਵੀ ਮਨਮੀਤ ਸਿੰਘ ਦਾ ਪਤੰਗ ਕੱਟ ਦਿੱਤਾ। ਇਸ ਦੌਰਾਨ ਗੁੱਸੇ ਵਿਚ ਆਏ ਮਨਮੀਤ ਸਿੰਘ ਨੇ ਗਾਲ੍ਹਾਂ ਕੱਢੀਆਂ ਅਤੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੋਵੇਂ ਗੁੱਥਮਗੁੱਥਾ ਹੋ ਗਏ।
ਬਾਅਦ ਵਿੱਚ ਆਪਣੇ ਪੁਲਿਸ ਮੁਲਾਜ਼ਮ ਪਿਤਾ ਉਕਾਂਰ ਸਿੰਘ ਨੂੰ ਬੁਲਾ ਲਿਆ। ਉਕਾਂਰ ਸਿੰਘ ਨੇ ਆਉਣ ਸਾਰ ਹੀ ਉਸਨੂੰ ਬੈਲਟ ਨਾਲ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਗੰਦੀਆਂ ਗਾਲ੍ਹਾਂ ਕੱਢਦਿਆਂ ਆਪਣਾ ਸਰਕਾਰੀ ਰਿਵਾਲਵਰ ਤਾਣ ਲਈ।
ਸਰੀਰ 'ਤੇ ਬੈਲਟਾਂ ਦੇ ਅਨੇਕਾਂ ਵਾਰ ਕਰਨ ਕਾਰਨ ਉਹ ਜ਼ਖਮੀ ਹੋ ਗਿਆ। ਉਸਨੂੰ ਮੌਕੇ 'ਤੇ ਮੌਜੂਦ ਗੁਲਸ਼ਨ, ਰਵੀ ਕੁਮਾਰ ਤੇ ਹੋਰਨਾਂ ਨੇ ਬਹੁਤ ਮੁਸ਼ਕਿਲ ਨਾਲ ਛੁਡਾਇਆ। ਇਸ ਦੌਰਾਨ ਪਤਾ ਲੱਗਣ 'ਤੇ ਉਸਦੇ ਪਿਤਾ ਰਮੇਸ਼ ਕੁਮਾਰ ਤੇ ਹੋਰ ਮੌਕੇ 'ਤੇ ਪੁੱਜੇ ਅਤੇ ਉਸਨੂੰ ਭੁਲੱਥ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ। ਪੀੜਤਾਂ ਨੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜੋ: ਬਾਦਲ ਪਰਿਵਾਰ ਨੂੰ ਜਵਾਬ ਦੇਣ ਲਈ ਟਕਸਾਲੀ ਕਰਨਗੇ ਪੰਜਾਬ 'ਚ ਰੈਲੀਆਂ
ਇਸ ਸਬੰਧੀ ਚੌਕੀ ਮੁਖੀ ਰਘਬੀਰ ਸਿੰਘ ਨੇ ਦੱਸਿਆ ਕਿ ਜ਼ਖਮੀ ਮੁੰਡੇ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।