ਜਲੰਧਰ: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈਕੇ ਪੰਜਾਬ ਸਰਕਾਰ ਵਲੋਂ ਸਖ਼ਤੀ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਜਿਥੇ ਰਾਤ ਦਾ ਕਰਫਿਊ ਲਗਾਇਆ ਗਿਆ ਹੈ, ਉਥੇ ਹੀ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ 'ਤੇ ਰੋਕ ਵੀ ਲਗਾਈ ਗਈ ਹੈ। ਇਸ ਦੇ ਨਾਲ ਹੀ ਸਰਕਾਰ ਵਲੋਂ ਵਿਆਹ ਸਮਾਗਮ ਅਤੇ ਸਸਕਾਰ ਮੌਕੇ ਦਸ ਲੋਕਾਂ ਤੋਂ ਜ਼ਿਆਦਾ ਇਕੱਠ 'ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਬਾਵਜੂਦ ਪਿਛਲੇ ਦਿਨੀਂ ਕਮੇਡੀਅਨ ਸੁਗੰਧਾ ਸ਼ਰਮਾ ਦੇ ਵਿਆਹ ਦੀ ਵੀਡੀਓ ਵਾਇਰਲ ਹੁੰਦੀ ਹੈ, ਜਿਸ 'ਚ ਭਾਰੀ ਇਕੱਠ ਦੇਖਣ ਨੂੰ ਮਿਲਿਆ ਸੀ।
ਇਹ ਵੀ ਪੜ੍ਹੋ:ਬੇਅਦਬੀ ਮਾਮਲੇ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਕੈਪਟਨ ਨੂੰ ਲਿਖੀ ਚਿੱਠੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਫਗਵਾੜਾ ਦੇ ਡੀ.ਐੱਸ.ਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਵਾਇਰਲ ਵੀਡੀਓ ਦੇ ਮਾਮਾਲੇ ਨੂੰ ਲੈਕੇ ਕਮੇਡੀਅਨ ਸੁਗੰਧਾ ਸ਼ਰਮਾ ਸਮੇਤ ਹੋਟਲ ਦੇ ਪ੍ਰਬੰਧਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਕਿ ਇਸ ਵਿਆਹ ਸਮਾਗਮ 'ਚ ਵੱਧ ਲੋਕਾਂ ਦਾ ਇਕੱਠ ਹੋਣ ਦੀ ਅਸ਼ੰਕਾ ਹੈ, ਜਿਸ ਨੂੰ ਲੈਕੇ ਜਾਂਚ ਕੀਤੀ ਜਾ ਰਹੀ ਹੈ।