ਜਲੰਧਰ: ਜਲੰਧਰ ਪੁਲਿਸ ਵੱਲੋਂ ਨਕੋਦਰ ਇਲਾਕੇ ਵਿੱਚ ਇੱਕ ਬੈਂਕ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ 8 ਲੋਕਾਂ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਫ਼ਿਲਹਾਲ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ।
ਇਸ ਬਾਰੇ ਜਲੰਧਰ ਦਿਹਾਤੀ ਦੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਦੱਸਿਆ ਕਿ ਨਕੋਦਰ ਥਾਣੇ ਦੀ ਪੁਲਿਸ ਬੀਤੀ ਰਾਤ ਗਸ਼ਤ 'ਤੇ ਸੀ। ਜਦੋਂ ਕਿਸੇ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਇਲਾਕੇ ਵਿੱਚ ਪੈਂਦੇ ਇੱਕ ਖ਼ਾਲੀ ਪਲਾਟ ਵਿੱਚ ਕੁਝ ਲੋਕ ਬੈਂਕ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਹਨ ਅਤੇ ਉਨ੍ਹਾਂ ਕੋਲ ਹਥਿਆਰ ਵੀ ਹਨ।
ਇਸ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਖਾਲੀ ਪਲਾਟ ਵਿੱਚ ਬਣੇ ਇੱਕ ਕਮਰੇ ਵਿੱਚ ਛਾਪਾ ਮਾਰਿਆ ਜਿੱਥੇ ਉਨ੍ਹਾਂ ਨੇ ਬੈਂਕ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਇਨ੍ਹਾਂ ਕੋਲੋਂ 1 ਲੱਖ 70 ਹਜ਼ਾਰ ਰੁਪਏ, ਤਿੰਨ ਮੋਟਰਸਾਈਕਲ, ਦੋ ਦਾਤਰ, ਦੋ ਕਿਰਪਾਨ ਅਤੇ ਦੋ ਲੋਹੇ ਦੀਆਂ ਰਾਡਾਂ ਵੀ ਬਰਾਮਦ ਕੀਤੀਆਂ ਹਨ।
ਐਸ.ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਪੁੱਛਗਿਛ ਦੌਰਾਨ ਦੱਸਿਆ ਹੈ ਕਿ ਇਨ੍ਹਾਂ ਨੇ ਬੀਤੇ ਦਿਨੀਂ ਨਕੋਦਰ ਵਿੱਚ ਢਾਈ ਲੱਖ ਰੁਪਏ ਦੀ ਲੁੱਟ ਕੀਤੀ ਸੀ ਅਤੇ ਇੱਕ ਐਕਟਿਵਾ ਵੀ ਚੋਰੀ ਕੀਤੀ ਸੀ। ਫ਼ਿਲਹਾਲ ਪੁਲਿਸ ਇਨ੍ਹਾਂ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ ਤਾਂ ਕਿ ਇਨ੍ਹਾਂ ਵੱਲੋਂ ਕੀਤੀਆਂ ਗਈਆਂ ਹੋਰ ਵਾਰਦਾਤਾਂ ਦਾ ਵੀ ਪਤਾ ਲਗਾਇਆ ਜਾ ਸਕੇ।