ਫਿਲੌਰ: ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਇੱਕ ਨੌਜਵਾਨ ਨੂੰ ਇੱਕ ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਅਜੇਪਾਲ ਵਾਸੀ ਜੰਡਿਆਲਾ ਅੰਮ੍ਰਿਤਸਰ ਦੇ ਤੌਰ 'ਤੇ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਦਵਿੰਦਰ ਅੱਤਰੀ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲਣ ਦੇ ਆਧਾਰ 'ਤੇ ਸੁਲਤਾਨਪੁਰ ਦਰਿਆ ਕੋਲ ਲੱਗਣ ਵਾਲੇ ਹਾਈ ਅਲਰਟ ਨਾਕੇ ਦੀ ਚੈਕਿੰਗ ਨੂੰ ਵਧਾ ਦਿੱਤਾ ਗਿਆ ਸੀ।
ਪੁਲਿਸ ਨੇ ਕਿਹਾ ਕਿ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਬੱਸ ਵਿੱਚੋਂ ਇੱਕ ਨੌਜਵਾਨ ਤਾਲਾਸ਼ੀ ਲੈਂਦੇ ਵੇਖ ਪਿੱਛੇ ਦੀ ਖਿੜਕੀ ਵਿੱਚੋਂ ਭੱਜਣ ਲੱਗਾ। ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਦੀ ਤਾਲਾਸ਼ੀ ਲੈਣ 'ਤੇ ਉਸ ਕੋਲੋਂ ਇੱਕ ਬੈਗ ਵਿੱਚ 260 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੀਬ ਇੱਕ ਕਰੋੜ ਦੱਸੀ ਜਾਂਦੀ ਹੈ। ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਦਿੱਲੀ ਤੋਂ ਹੈਰੋਇਨ ਲਿਆ ਕੇ ਸਪਲਾਈ ਕਰਦਾ ਸੀ। ਪੁਲਿਸ ਮੁਤਾਬਕ ਦੋਸ਼ੀ ਪਹਿਲਾਂ ਡੀਜੇ ਵਾਲੇ ਦੇ ਨਾਲ ਦਿਹਾੜੀ ਦਾ ਕੰਮ ਕਰਦਾ ਸੀ ਅਤੇ ਡੀਜੇ ਦੀ ਧੁੰਨ ਤੇ ਉੱਡਣ ਵਾਲੇ ਨੋਟਾਂ ਨੂੰ ਇਕੱਠਾ ਕਰਦਾ ਹੁੰਦਾ ਸੀ।
ਉਸ ਦੀ ਮੁਲਾਕਾਤ ਅੰਮ੍ਰਿਤਸਰ ਦੇ ਰਹਿਣ ਵਾਲੇ ਮਿੱਠੂ ਨਾਂ ਦੇ ਨੌਜਵਾਨ ਦੇ ਨਾਲ ਹੋਈ ਜੋ ਇਸ ਸਮੇਂ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਕੈਦ ਹੈ। ਮਿੱਠੂ ਦੇ ਝਾਂਸੇ ਵਿੱਚ ਆ ਕੇ ਅਜੇਪਾਲ ਸਿੰਘ ਹੈਰੋਇਨ ਸਪਲਾਈ ਦਾ ਕੰਮ ਕਰਨ ਲੱਗਾ ਇੰਨਾ ਹੀ ਨਹੀਂ ਮਿੱਠੂ ਜੇਲ੍ਹ ਵਿੱਚ ਬਹਿ ਕੇ ਹੀ ਨਸ਼ਾ ਸਪਲਾਈ ਦਾ ਨੈੱਟਵਰਕ ਵੀ ਚਲਾ ਰਿਹਾ ਹੈ।ਪੁਲਿਸ ਮੁਤਾਬਕ ਇਹ ਸਪਲਾਈ ਵਿੱਚੋਂ ਅੱਧੀ ਰਕਮ ਮਿੱਠੂ ਨੂੰ ਆਨਲਾਈਨ ਟਰਾਂਸਫਰ ਕੀਤੀ ਜਾਣੀ ਸੀ ਜਿਸ ਨਾਲ ਸਾਫ ਜ਼ਾਹਿਰ ਹੁੰਦਾ ਹੈ ਕਿ ਅੰਮ੍ਰਿਤਸਰ ਜੇਲ੍ਹ ਵਿੱਚ ਮਿੱਠੂ ਦੇ ਨਸ਼ੇ ਦਾ ਕੰਮ ਬੜੀ ਆਸਾਨੀ ਨਾਲ ਚੱਲਦਾ ਹੈ।