ਜਲੰਧਰ : ਪੰਜਾਬ ਵਿੱਚ ਚੋਣਾਂ ਦੇ ਚੱਲਦੇ ਪਾਰਟੀਆਂ ਦੇ ਸਟਾਰ ਪ੍ਰਚਾਰਕ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਲਈ ਪੰਜਾਬ ਆ ਰਹੇ ਹਨ। ਇਸੇ ਲੜੀ ਵਿੱਚ ਅੱਜ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਜਲੰਧਰ ਸੈਂਟਰਲ ਤੋਂ ਭਾਜਪਾ ਵੱਲੋਂ ਚੋਣ ਲੜ ਰਹੇ ਮਨੋਰੰਜਨ ਕਾਲੀਆ ਦੇ ਹੱਕ ਵਿੱਚ ਉਨ੍ਹਾਂ ਦੇ ਇਲਾਕੇ ਵਿੱਚ ਇਕ ਵਿਸ਼ਾਲ ਮੀਟਿੰਗ ਵਿੱਚ ਪਹੁੰਚੇ।
ਇਸ ਦੌਰਾਨ ਜੈਰਾਮ ਠਾਕੁਰ ਨੇ ਕਿਹਾ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਪੂਰੀ ਤਰ੍ਹਾਂ ਆਸਵੰਦ ਹੈ ਕਿ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਬਣੇਗੀ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਰੇ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦਾ ਇਹ ਫਾਰਮੂਲਾ ਪੰਜਾਬ ਵਿੱਚ ਕੰਮ ਨਹੀਂ ਕਰੇਗਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਪਈ ਹੋਈ ਸ਼ਾਂਤੀ ਆਉਣ ਵਾਲੇ ਸਮੇਂ ਵਿੱਚ ਵਿਸਫੋਟ ਦੇ ਰੂਪ ਵਿੱਚ ਸਾਹਮਣੇ ਆਏਗੀ। ਉਧਰ ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਰ ਚੀਜ਼ ਮੁਫ਼ਤ ਦੇਣ ਵਾਲਾ ਫਾਰਮੂਲਾ ਪੰਜਾਬ ਵਿੱਚ ਕੰਮ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਮੁਫ਼ਤ ਦਾ ਲਾਲਚ ਦੇ ਕੇ ਪੰਜਾਬ ਦੀ ਸੱਤਾ ਵਿੱਚ ਆਉਣਾ ਚਾਹੁੰਦੀ ਹੈ। ਉਨ੍ਹਾਂ ਦਾ ਇਹ ਮਨਸੂਬਾ ਪੰਜਾਬ ਵਿੱਚ ਕਾਮਯਾਬ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਮੁੜ ਭਾਜਪਾ ਦੀ ਬੇੜੀ 'ਚ ਸਵਾਰ ਹੋਏ ਕਾਂਗਰਸੀ ਵਿਧਾਇਕ ਬਲਵਿੰਦਰ ਲਾਡੀ