ਜਲੰਧੜ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਉੱਤੇ ਨੱਥ ਪਾਉਣ ਲਈ ਇੱਕ ਐਂਟੀ ਕਰੱਪਸ਼ਨ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਭਗਵੰਤ ਮਾਨ ਦਾ ਇਸ ਨੰਬਰ ਨੂੰ ਜਾਰੀ ਕਰਨ ਦਾ ਮਕਸਦ ਪੰਜਾਬ ਵਿੱਚ ਰਿਸ਼ਵਤਖੋਰੀ ਨੂੰ ਰੋਕਣਾ ਹੈ। ਭਗਵੰਤ ਮਾਨ ਦੇ ਇਸ ਜਾਰੀ ਨੰਬਰ ਨੂੰ ਲੈਕੇ ਵਿਰੋਧ ਪਾਰਟੀਆਂ ਵੱਲੋਂ ਸਵਾਲ ਖੜ੍ਹੇ ਕੀਤੇ ਗਏ ਹਨ। ਜਲੰਧਰ ਵਿੱਚ ਸਾਬਕਾ ਮੰਤਰੀ ਤੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਅੱਜ ਜੋ ਐਂਟੀ ਕਰੱਪਸ਼ਨ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਉਹ ਕੋਈ ਨਵੀਂ ਗੱਲ ਨਹੀਂ।
ਕਾਂਗਰਸ ਵਿਧਾਇਕ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਰਕਾਰਾਂ ਇਸ ਤਰ੍ਹਾਂ ਦੇ ਕਈ ਨੰਬਰ ਅਤੇ ਰਿਸ਼ਵਤਖੋਰੀ ਨੂੰ ਰੋਕਣ ਲਈ ਹੋਰ ਤਰੀਕੇ ਅਪਣਾਉਂਦੀ ਰਹੀ ਹੈ ਪਰ ਇਹ ਰੁਕ ਨਹੀਂ ਰਹੀ। ਉਨ੍ਹਾਂ ਪੰਜਾਬ ਪੁਲੀਸ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਇੱਕ 500 ਰੁਪਏ ਰਿਸ਼ਵਤ ਲੈਣ ਵਾਲੇ ਕਿਸੇ ਮੁਲਾਜ਼ਮ ਨੂੰ ਫੜ ਕੇ ਪੁਲਿਸ ਅਖਬਾਰਾਂ ਅਤੇ ਚੈਨਲਾਂ ਵਿੱਚ ਵੱਡੀਆਂ ਵੱਡੀਆਂ ਤਸਵੀਰਾਂ ਲਗਾਉਂਦੀ ਹੈ। ਪਰਗਟ ਸਿੰਘ ਨੇ ਕਿਹਾ ਕਿ ਅੱਜ ਸਰਕਾਰ ਨੂੰ ਇੰਨ੍ਹਾਂ ਕੰਮਾਂ ਦੀ ਨਹੀਂ ਬਲਕਿ ਉਨ੍ਹਾਂ ਲੋਕਾਂ ’ਤੇ ਨੱਥ ਪਾਉਣ ਦੀ ਲੋੜ ਹੈ ਜੋ ਹਜ਼ਾਰਾਂ ਕਰੋੜ ਰੁਪਏ ਦੇ ਸਕੈਂਡਲ ਕਰਦੇ ਹਨ।
ਪਰਗਟ ਸਿੰਘ ਨੇ ਕਿਹਾ ਕਿ ਸਮਾਜ ਵਿੱਚ ਘੁੰਮ ਰਹੀਆਂ ਕਾਲੀਆਂ ਭੇਡਾਂ ਨੂੰ ਟੰਗਣ ਦੀ ਲੋੜ ਹੈ ਤਾਂ ਕਿਤੇ ਜਾ ਕੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਵੇਗੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਿੱਚ ਵੀ ਕਰੱਪਸ਼ਨ ਨਹੀਂ ਰੁਕੀ ਸੀ ਜਿਸਦੇ ਚੱਲਦੇ ਪਾਰਟੀ ਉਹ ਅੱਸੀਆਂ ਤੋਂ ਅਠਾਰਾਂ ਸੀਟਾਂ ਤੇ ਆ ਗਈ ਹੈ। ਸਾਬਕਾ ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਹੁਣ ਭਗਵੰਤ ਮਾਨ ਨੂੰ ਵੀ ਕਹਿੰਦੇ ਨੇ ਕਿ ਉਨ੍ਹਾਂ ਦੀ ਸਲੇਟ ਨਵੀਂ ਹੈ ਇਸ ਲਈ ਜਿੱਥੇ ਭਗਵੰਤ ਮਾਨ ਸਹੀ ਕੰਮ ਕਰਨਗੇ ਉੱਥੇ ਪਰਗਟ ਸਿੰਘ ਨਿੱਜੀ ਤੌਰ ’ਤੇ ਪਾਰਟੀ ਦੇ ਤੌਰ ’ਤੇ ਉਨ੍ਹਾਂ ਨੂੰ ਸ਼ਾਬਾਸ਼ੀ ਦੇਣਗੇ।
ਉਨ੍ਹਾਂ ਨੇ ਕਿਹਾ ਕਿ ਭਗਤ ਸਿੰਘ ਦੀ ਵਿਚਾਰਧਾਰਾ ਦੀ ਸਿਰਫ ਗੱਲ ਹੀ ਨਹੀਂ ਹੋਣੀ ਚਾਹੀਦੀ ਬਲਕਿ ਉਸ ’ਤੇ ਕੰਮ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਹਮੇਸ਼ਾਂ ਸਰਕਾਰ ਅਤੇ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ਼ ਬੋਲਦੇ ਸਨ, ਪਰ ਪੰਜਾਬ ਵਿੱਚ ਤਾਂ ਸਰਕਾਰ ਹੀ ਆਮ ਆਦਮੀ ਪਾਰਟੀ ਦੀ ਹੈ ਤਾਂ ਹੁਣ ਦੇਖਣਾ ਇਹ ਹੈ ਕਿ ਕਿਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਖਿਲਾਫ਼ ਹੀ ਨਾ ਬੋਲਣਾ ਸ਼ੁਰੂ ਕਰ ਦੇਵੇ। ਇਸਦੇ ਨਾਲ ਹੀ ਉਨ੍ਹਾਂ ਦਿੱਲੀ ਵਿੱਚ ਪ੍ਰਦੂਸ਼ਣ ਦੇ ਮਸਲੇ ਨੂੰ ਲੈਕੇ ਅਰਵਿੰਦ ਕੇਜਰੀਵਾਲ ਉੱਪਰ ਸਵਾਲ ਚੁੱਕੇ ਹਨ।
ਇਹ ਵੀ ਪੜ੍ਹੋ: ਬਸੰਤੀ ਰੰਗ ਦੀ ਪੱਗ ਬੰਨ ਕੇ ਸ਼ਹੀਦ ਭਗਤ ਸਿੰਘ ਨਹੀਂ ਬਣਿਆ ਜਾਣਾ: ਉਗਰਾਹਾਂ