ਜਲੰਧਰ: ਕੋਰੋਨਾ ਕਰਕੇ ਜਿੱਥੇ ਬਹੁਤ ਸਾਰੇ ਵਪਾਰ ਅਤੇ ਉਦਯੋਗ ਪ੍ਰਭਾਵਿਤ ਹੋਏ ਹਨ, ਉਸ ਦੇ ਨਾਲ ਹੀ ਇੱਕ ਹੋਰ ਕਾਰੋਬਾਰ ਅਜਿਹਾ ਹੈ, ਜਿਸ ਵਿੱਚ ਲੋਕਾਂ ਨੂੰ ਵਧੇਰੇ ਨੁਕਸਾਨ ਹੋਇਆ ਹੈ।
ਬੱਚਿਆਂ ਦੇ ਸਕੂਲ ਬੈਗ ਅਤੇ ਹੋਰ ਸਕੂਲ ਵਿੱਚ ਲਿਜਾਣ ਵਾਲੇ ਸਾਮਾਨ ਨਾਲ ਭਰੇ ਹੋਏ ਸ਼ੋਅਰੂਮ ਬੱਚਿਆਂ ਦਾ ਇੰਤਜ਼ਾਰ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਖੋਲ੍ਹਣ ਦਾ ਐਲਾਨ ਨਹੀਂ ਕੀਤਾ ਗਿਆ ਹੈ, ਜਿਸ ਕਰਕੇ ਇਨ੍ਹਾਂ ਵੱਡੀਆਂ-ਵੱਡੀਆਂ ਦੁਕਾਨਾਂ ਵਿੱਚ ਪਏ ਸਕੂਲ ਬੈਗ ਉਨ੍ਹਾਂ ਸਕੂਲੀ ਬੱਚਿਆਂ ਦਾ ਇੰਤਜ਼ਾਰ ਕਰ ਰਹੇ ਹਨ ਜੋ ਹਰ ਸਾਲ ਪਾਸ ਹੋਣ ਤੋਂ ਬਾਅਦ ਨਵੇਂ ਸਾਮਾਨ ਅਤੇ ਨਵੇਂ ਸਕੂਲ ਬੈਗ ਲੈ ਕੇ ਹੀ ਸਕੂਲ ਜਾਣਾ ਚਾਹੁੰਦੇ ਹਨ।
ਸਕੂਲ ਦੇ ਸਾਮਾਨ ਅਤੇ ਸਕੂਲ ਬੈਗ ਦੀਆਂ ਦੁਕਾਨਾਂ ਦੇ ਮਾਲਕਾਂ ਮੁਤਾਬਕ ਮਾਰਚ ਮਹੀਨੇ ਦੀਆਂ ਅਖੀਰਲੀ ਤਰੀਕਾਂ ਵਿੱਚ ਜਦੋਂ ਬੱਚਿਆਂ ਦੇ ਨਤੀਜੇ ਆਉਂਦੇ ਹਨ ਤਾਂ ਬੱਚੇ ਸਭ ਤੋਂ ਪਹਿਲਾਂ ਆਪਣੇ ਵਾਸਤੇ ਸਕੂਲ ਦਾ ਸਾਮਾਨ ਅਤੇ ਸਕੂਲ ਬੈਗ ਖਰੀਦਦੇ ਹਨ। ਉਨ੍ਹਾਂ ਅਨੁਸਾਰ ਇਹ ਸੀਜ਼ਨ ਮਾਰਚ ਦੇ ਮਹੀਨੇ ਤੋਂ ਲੈ ਕੇ ਮਈ ਦੇ ਮਹੀਨੇ ਤੱਕ ਹੀ ਚੱਲਣਾ ਹੁੰਦਾ ਹੈ, ਜਦਕਿ ਇਸ ਵਾਰ ਕੋਰੋਨਾ ਕਰਕੇ ਲੱਗੇ ਕਰਫ਼ਿਊ ਅਤੇ ਲੌਕਡਾਊਨ ਨਾਲ ਉਨ੍ਹਾਂ ਦਾ ਇਹ ਵਪਾਰ ਤਕਰੀਬਨ ਬੰਦ ਹੈ।
ਇਨ੍ਹਾਂ ਸ਼ੋਅਰੂਮਾਂ ਦੇ ਮਾਲਕ ਅੱਜ ਇਸ ਚੀਜ਼ ਦਾ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਸਕੂਲ ਖੁੱਲ੍ਹਣ ਅਤੇ ਬੱਚੇ ਆਪਣੇ ਮਾਪਿਆਂ ਨਾਲ ਉਨ੍ਹਾਂ ਦੀਆਂ ਦੁਕਾਨਾਂ ਅਤੇ ਸ਼ੋਅਰੂਮਾਂ ਵਿੱਚ ਸ਼ਾਪਿੰਗ ਕਰਨ ਲਈ ਆਉਣ।