ਜਲੰਧਰ: ਜ਼ਿਲ੍ਹੇ ’ਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸਿੱਖ ਪ੍ਰਚਾਰਕ ਜਸਵੀਰ ਸਿੰਘ ਰੋਡੇ ਦੇ ਘਰ ਐਨਆਈਏ ਦੁਆਰਾ ਛਾਪੇਮਾਰੀ ਕੀਤੀ ਗਈ। ਇਸ ਮੌਕੇ ਐਨਆਈਏ ਨੇ ਉਨ੍ਹਾਂ ਦੇ ਮੁੰਡੇ ਗੁਰਮੁੱਖ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਘਰ ਚੋਂ ਵਿਸਫੋਟਕ ਸਾਮਾਨ ਸਣੇ ਇੱਕ ਡਰੋਨ ਬਰਾਮਦ ਹੋਇਆ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸਿੱਖ ਪ੍ਰਚਾਰਕ ਜਸਵੀਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ 12 ਵਜੇ ਉਨ੍ਹਾਂ ਦੇ ਘਰ ਕੁਝ ਲੋਕ ਆਏ ਅਤੇ ਘਰ ਦੀ ਤਲਾਸ਼ੀ ਲੈਣ ਲੱਗੇ। ਬਾਅਦ ’ਚ ਉਹ ਗੁਰਮੁੱਖ ਸਿੰਘ ਨੂੰ ਆਪਣੇ ਨਾਲ ਲੈ ਕੇ ਚੱਲੇ ਗਏ। ਜਸਵੀਰ ਸਿੰਘ ਦੇ ਮੁਤਾਬਿਕ ਕਰੀਬ ਦੋ ਘੰਟੇ ਬਾਅਦ ਟੀਮ ਲੋਕ ਗੁਰਮੁੱਖ ਸਿੰਘ ਨੂੰ ਲੈ ਕੇ ਵਾਪਿਸ ਆਈ ਅਤੇ ਇੱਕ ਬੈੱਗ ਸਣੇ ਮੁੜ ਤੋਂ ਆਪਣੇ ਨਾਲ ਲੈ ਗਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਇਹ ਨਹੀਂ ਜਾਣਦੇ ਇਸ ਬੈੱਗ ’ਚ ਕੀ ਸੀ।
ਇਹ ਵੀ ਪੜੋ: ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦਾ ਪੁੱਤਰ ਗ੍ਰਿਫਤਾਰ !
ਕਾਬਿਲੇਗੌਰ ਹੈ ਕਿ ਅੰਮ੍ਰਿਤਸਰ ’ਚ ਟਿਫਨ ਬੰਬ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਸਬੰਧੀ ਗ੍ਰਹਿ ਮੰਤਰਾਲੇ ਨੇ ਇਸਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਹੈ। ਜਿਸ ਤੋਂ ਬਾਅਦ ਐਨਆਈਏ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਟਿਫਨ ਬੰਬ ਬਰਾਮਦ ਹੋਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਪੁਰੀ ਤਰ੍ਹਾਂ ਚੌਕਸੀ ਵਰਤੀ ਜਾ ਰਹੀ ਹੈ। ਜਿਸ ਦੇ ਚੱਲਦੇ ਅੰਮ੍ਰਿਤਸਰ ਤੇ ਤਰਨਤਾਰਨ ਦੇ ਸਰਹੱਦੀ ਖੇਤਰਾਂ ਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।