ਜਲੰਧਰ: ਬਸਤੀ ਸ਼ੇਖ ਦੀ ਰਹਿਣ ਵਾਲੀ ਮਲਿਕਾ ਹਾਂਡਾ ਨਾ ਤੇ ਬੋਲ ਸਕਦੀ ਹੈ ਤੇ ਨਾ ਹੀ ਸੁਣ ਸਕਦੀ ਹੈ ਪਰ ਸ਼ਤਰੰਜ ਦੀ ਖੇਡ ਵਿੱਚ ਪੂਰੀ ਦੁਨੀਆਂ ਵਿੱਚ ਉਸ ਦਾ ਕੋਈ ਸਾਨੀ ਨਹੀਂ ਹੈ। ਮਲਿਕਾ ਹਾਂਡਾ ਦੇ ਘਰ ਵਿੱਚ ਪਈਆਂ ਟਰਾਫੀਆਂ, ਸਰਟੀਫਿਕੇਟ ਤੇ ਮੈਡਲ ਇਸ ਗੱਲ ਦੀ ਗਵਾਹੀ ਹਨ ਕਿ ਉਹ ਕੋਈ ਆਮ ਲੜਕੀ ਨਹੀਂ ਹੈ।
ਮਲਿਕਾ ਹਾਂਡਾ ਦੀ ਮਾਤਾ ਦਾ ਕਹਿਣਾ ਹੈ ਕਿ ਉਸ ਦਾ ਬਚਪਨ ਤੋਂ ਹੀ ਸ਼ਤਰੰਜ ਖੇਡਣ ਦਾ ਬਹੁਤ ਸ਼ੌਕ ਸੀ। ਉਹ ਕਈ-ਕਈ ਘੰਟੇ ਆਪਣੇ ਭਰਾ ਨਾਲ ਸ਼ਤਰੰਜ ਖੇਡਦੀ ਰਹਿੰਦੀ ਸੀ ਤੇ ਉਸ ਨੂੰ ਕਈ ਵਾਰ ਹਰਾ ਵੀ ਦਿੰਦੀ ਸੀ।
ਉਸਦੇ ਪਰਿਵਾਰ ਨੂੰ ਨਹੀਂ ਪਤਾ ਸੀ ਕਿ ਮਲਿਕਾ ਦਾ ਇਹ ਸ਼ੌਕ ਉਸ ਨੂੰ ਇੱਕ ਦਿਨ ਸ਼ਤਰੰਜ ਵਿੱਚ ਦੁਨੀਆ ਦੀ ਚੋਟੀ ਦੀ ਖਿਡਾਰਣ ਬਣਾ ਦੇਵੇਗਾ। ਮਲਿਕਾ ਨੇ ਜਦੋਂ ਤੋਂ ਸ਼ਤਰੰਜ ਨੂੰ ਅਪਣਾਇਆ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਹਮੇਸ਼ਾ ਜਿੱਤਦੀ ਹੀ ਆਈ। ਉਸ ਨੂੰ ਕਈ ਸੋਨੇ ਦੇ ਤਮਗੇ ਵੀ ਚੁੱਕੇ ਹਨ।
ਮਲਿਕਾ ਹਾਂਡਾ ਦੇ ਇਸ ਸਫ਼ਰ ਵਿੱਚ ਸਭ ਤੋਂ ਖਾਸ ਗੱਲ ਇਹ ਰਹੀ ਕਿ ਉਸ ਦੇ ਇਹ ਸਾਰਾ ਮੁਕਾਮ ਆਪਣੇ ਬਲਬੂਤੇ ਉੱਤੇ ਹਾਸਲ ਕੀਤਾ ਹੈ, ਕਿਉਂਕਿ ਅੱਜ ਤੱਕ ਉਸ ਨੂੰ ਕੋਈ ਵੀ ਕੋਚ ਕਿਸੇ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਮੁਹੱਈਆ ਨਹੀਂ ਕਰਵਾਇਆ ਗਿਆ।
ਮਲਿਕਾ ਹਾਂਡਾ ਦੀ ਕਾਮਯਾਬੀ ਦੀ ਕਹਾਣੀ ਜਦ ਮੀਡੀਆ ਦੀਆਂ ਸੁਰੱਖੀਆਂ ਬਣ ਗਈ ਤਾਂ ਉਸ ਦੀ ਕਹਾਣੀ ਅਤੇ ਉਸ ਦੀ ਜਿੱਤ ਦੀ ਇਹ ਗੂੰਜ ਰਾਸ਼ਟਰਪਤੀ ਭਵਨ ਤੱਕ ਪਹੁੰਚ ਗਈ ਜਿਸ ਤੋਂ ਬਾਅਦ ਖੁਦ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਮਲਿਕਾ ਹਾਂਡਾ ਨੂੰ ਸਨਮਾਨਿਤ ਵੀ ਕੀਤਾ ਗਿਆ।
ਅੱਜ ਅਸੀਂ ਆਪਣੇ ਚੈਨਲ ਰਾਹੀਂ ਮਲਿਕਾ ਹਾਂਡਾ ਅਤੇ ਇਸ ਵਰਗੀਆਂ ਤਮਾਮ ਮਹਿਲਾਵਾਂ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਬਲਬੂਤੇ ਉੱਤੇ ਇਨ੍ਹਾਂ ਬੁਲੰਦੀਆਂ ਨੂੰ ਛੋਹਿਆ ਅਤੇ ਸਾਬਿਤ ਕੀਤਾ ਹੈ ਕਿ ਸਮਾਜ ਵਿੱਚ ਮਹਿਲਾਵਾਂ ਵੀ ਪੁਰਸ਼ਾਂ ਨਾਲੋਂ ਕਿਸੇ ਗੱਲੋਂ ਘੱਟ ਨਹੀਂ।