ਜਲੰਧਰ: ਸ਼ਾਹਕੋਟ ਇਲਾਕੇ ਦੇ ਨੰਗਲ ਅੰਬੀਆਂ ਦੇ ਰਹਿਣ ਵਾਲੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਨੇ ਫੇਸਬੁਕ 'ਤੇ ਲਾਈਵ ਹੋ ਕੇ ਜਲੰਧਰ ਪੁਲਿਸ ਨੂੰ ਮਦਦ ਦੀ ਗੁਹਾਰ ਲਾਈ ਹੈ। ਰੁਪਿੰਦਰ ਕੌਰ ਸੰਧੂ ਨੇ ਕਿਹਾ ਹੈ ਕਿ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਸੁਰਜਨ ਸਿੰਘ ਚਠਾ ਨਕੋਦਰ ਦੇ ਕਰਤਾਰ ਪੈਲਸ ਵਿਖੇ ਬੈਠ ਕੇ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਿਹਾ ਹੈ, ਜਦਕਿ ਉਹ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਹਨ, ਪਰ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਹੈ।
ਰੁਪਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਨੇ ਇਸ ਗੱਲ ਦੀ ਜਾਣਕਾਰੀ ਮਿਲਦੇ ਹੀ ਜਲੰਧਰ ਦੇ ਐੱਸਐੱਸਪੀ ਨੂੰ ਫੋਨ ਕੀਤਾ ਅਤੇ ਵਾਇਸ ਮੈਸੇਜ ਵੀ ਛੱਡਿਆ ਹੈ। ਸੁਰਜਨ ਸਿੰਘ ਥਾਣੇ ਤੋਂ ਕੁਝ ਹੀ ਦੂਰੀ 'ਤੇ ਬੈਠਾ ਹੋਇਆ ਹੈ ਅਤੇ ਪੁਲਿਸ ਉਸ ਨੂੰ ਗਿ੍ਫ਼ਤਾਰ ਕਰ ਸਕਦੀ ਹੈ। ਪਰ, ਐੱਸਐੱਸਪੀ ਵੱਲੋਂ ਇਹ ਜਵਾਬ ਆਇਆ ਕਿ ਪਹਿਲੇ ਉਹ ਸੁਰਜਨ ਸਿੰਘ ਖ਼ਿਲਾਫ਼ ਕੋਈ ਸਬੂਤ ਲਿਆਵੇ।
ਰੁਪਿੰਦਰ ਕੌਰ ਨੇ ਕਿਹਾ ਕਿ ਸਬੂਤ ਇਕੱਠੇ ਕਰਨਾ ਪੁਲਿਸ ਦਾ ਕੰਮ ਹੈ ਅਤੇ ਜੇਕਰ ਸੁਰਜਨ ਸਿੰਘ ਖ਼ਿਲਾਫ਼ ਪੁਲਿਸ ਕੋਲ ਕੋਈ ਸਬੂਤ ਨਹੀਂ ਸੀ, ਤਾਂ ਪੁਲਿਸ ਨੇ ਉਨ੍ਹਾਂ ਨੂੰ ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਕਿਉਂ ਕੀਤਾ ਹੈ।
ਉਸ ਨੇ ਕਿਹਾ ਕਿ ਮੰਨਿਆ ਕਿ ਪੰਜਾਬ ਪੁਲਿਸ ਲਈ ਅਮਰੀਕਾ ਜਾਂ ਕੈਨੇਡਾ ਬੈਠੇ ਸੰਦੀਪ ਨੰਗਲ ਅੰਬੀਆ ਦੇ ਕਾਤਲ ਫੜ੍ਹਨੇ ਬਹੁਤ ਔਖਾ ਕੰਮ ਹੈ, ਪਰ ਇੱਕ ਮੁੱਖ ਕਾਤਲ ਇਸ ਟਾਈਮ ਨਕੋਦਰ ਥਾਣੇ ਤੋਂ ਮਹਿਜ਼ ਤਿੰਨ ਮਿੰਟ ਦੀ ਦੂਰੀ 'ਤੇ ਕਰਤਾਰ ਪੈਲਸ ਵਿੱਚ ਸਾਡੇ ਘਰ ਦਾ ਚਿਰਾਗ ਬੁਝਾਕੇ ਆਪਣੀ ਜਿੰਦਗੀ ਦਾ ਖੂਬ ਅਨੰਦ ਮਾਣ ਰਿਹਾ ਹੈ, ਉਸ ਨੂੰ ਤਾਂ ਫੜ੍ਹ ਲਵੋ।
ਜ਼ਿਕਰਯੋਗ ਹੈ ਕਿ ਸ਼ਾਹਕੋਟ ਦੇ 40 ਸਾਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੀ 2022, ਮਾਰਚ ਮਹੀਨੇ ਨਕੋਦਰ ਦੇ ਪਿੰਡ ਮੱਲੀਆਂ ਖੁਰਦ ਵਿਖੇ ਚਾਰ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪਿੰਡ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਸੰਦੀਪ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਕੁਝ ਦੋਸਤ ਸੰਦੀਪ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਸਿਰ ਵਿੱਚ ਕਈ ਵਾਰ ਗੋਲੀ ਮਾਰੀ ਗਈ ਸੀ। ਪਿੰਡ ਨੰਗਲ ਅੰਬੀਆਂ ਦਾ ਵਸਨੀਕ ਸੰਦੀਪ ਸਿੰਘ ਇੰਗਲੈਂਡ ਵਿੱਚ ਰਹਿ ਰਿਹਾ ਸੀ ਅਤੇ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਿਆ।
ਇਹ ਵੀ ਪੜ੍ਹੋ: ਲੋਕਾਂ ਨੇ ਚੋਰੀ ਦੇ ਇਲਜ਼ਾਮ 'ਚ ਨੌਜਵਾਨ ਨਾਲ ਕੀਤਾ ਤਸੱਸਦ