ਜਲੰਧਰ: ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਉਹ ਸਮਾਰਟ ਸਿਟੀ ਅਖਵਾਉਣ ਵਾਲੇ ਜਲੰਧਰ ਨਗਰ ਨਿਗਮ ਦੀਆਂ ਹਨ। ਥਾਂ-ਥਾਂ ਤੋਂ ਟੁੱਟੀਆਂ ਸੜਕਾਂ, ਸੀਵਰੇਜ ਦੇ ਗੰਦਾ ਪਾਣੀ ਨੂੰ ਦੇਖ ਕੇ ਇੰਝ ਜਾਪਦਾ ਹੈ ਕਿ ਅਸੀ ਸਮਾਰਟ ਨਗਰ ਨਿਗਮ ਦੀ ਨਹੀਂ ਬਲਕਿ ਕਿਸੇ ਸਲੱਮ ਏਰੀਏ ਦੀ ਸੈਰ ਕਰਦੇ ਹੋਈਏ। ਵੱਖ-ਵੱਖ ਕਿਸਮਾਂ ਦੇ ਟੈਕਸ ਤਾਰਦੇ ਜਲੰਧਰ ਦੇ ਲੋਕਾਂ ਦੀ ਮੰਨੀਏ ਤਾਂ ਉਹ ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਨਗਰ ਨਿਗਮ ਦੇ ਦਫ਼ਤਰਾਂ 'ਚ ਗੇੜੇ ਮਾਰ ਕੇ ਥੱਕ ਗਏ ਪਰ ਕੋਈ ਹੱਲ ਨਹੀਂ ਨਿਕਲਿਆ। ਲੋਕਾਂ ਮੁਤਾਬਕ ਵੱਖ ਵੱਖ ਇਲਾਕਿਆਂ ਵਿੱਚ ਨਗਰ ਨਿਗਮ ਵੱਲੋਂ ਦਫ਼ਤਰ ਤਾਂ ਬਣਾਏ ਗਏ ਨੇ ਪਰ ਮੁਲਾਜ਼ਮਾਂ ਤੋਂ ਸੱਖਣੇ।
ਨਗਰ ਨਿਗਮ 'ਚ ਸਟਾਫ਼ ਦੀ ਘਾਟ ਨੂੰ ਖੁਦ ਲੋਕ ਨੁਮਾਇੰਦੇ ਵੀ ਮੰਨਦੇ ਹਨ ਤੇ ਸਟਾਫ਼ ਦੀ ਘਾਟ ਕਾਰਨ ਖ਼ੁਦ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਨੂੰ ਮਲਾਲ ਹੈ ਕਿ ਜਲੰਧਰ ਦੇ ਨਾਲ ਲਗਦੇ ਜ਼ਿਲ੍ਹਿਆਂ ਵਿੱਚ ਨਗਰ ਨਿਗਮ ਪੂਰੀ ਤਰ੍ਹਾਂ ਸਹੀ ਕੰਮ ਕਰ ਰਿਹਾ ਹੈ ਅਤੇ ਉੱਥੇ ਲੋਕਾਂ ਨੂੰ ਸਹੂਲਤਾਂ ਵੀ ਮਿਲ ਰਹੀਆਂ ਹਨ।
ਜਦੋਂ ਈਟੀਵੀ ਭਾਰਤ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ਬਾਰੇ ਨਗਰ ਦੇ ਅਧਿਕਾਰੀਆਂ ਤੋਂ ਲੈ ਕੇ ਮੇਅਰ ਤਕ ਗੱਲ ਕਰਨੀ ਚਾਹੀ ਤਾਂ ਕਿਸੇ ਨੇ ਕੈਮਰੇ ਅੱਗੇ ਆਉਣ ਦੀ ਹਿੰਮਤ ਨਹੀਂ ਕੀਤੀ, ਪਰ ਗੱਲਾਂ ਗੱਲਾਂ ਵਿੱਚ ਖ਼ੁਦ ਇਸ ਗੱਲ ਨੂੰ ਮੰਨ ਲਿਆ ਕਿ ਨਗਰ ਨਿਗਮ ਦੀ ਟੀਮ ਵਿੱਚ ਸਟਾਫ ਦੀ ਕਮੀ ਹੈ ਜਿਸ ਕਰਕੇ ਸਹੀ ਤਰੀਕੇ ਕੰਮ ਨਹੀਂ ਹੋ ਰਹੇ।
ਹੁਣ ਸਵਾਲ ਇਹ ਉੱਠਦਾ ਹੈ ਕਿ ਜਲੰਧਰ ਨੂੰ ਸਮਾਰਟ ਸਿਟੀ ਦਾ ਨਾਂਅ ਤਾਂ ਦੇ ਦਿੱਤਾ, ਕਰੋੜਾਂ ਰੁਪਏ ਦਾ ਬਜਟ ਵੀ ਰੱਖ ਲਿਆ, ਕੀ ? ਇਸ ਸਭ ਨਾਲ ਸ਼ਹਿਰ ਨੂੰ ਸਮਾਰਟ ਸਿਟੀ ਬਣ ਗਿਆ। ਨਹੀਂ ਇਹ ਸਭ ਹਵਾਈ ਐਲਾਨਾਂ ਨੂੰ ਅਮਲੀ ਜਾਮਾ ਪਹਿਨਾਉਣ ਤੇ ਕਾਗ਼ਜ਼ਾਂ ਵਿੱਚੋਂ ਬਾਹਰ ਨਿਕਲ ਕੰਮ ਨੂੰ ਜ਼ਮੀਨੀ ਪੱਧਰ ਤੇ ਕਰਨ ਨਾਲ ਹੀ ਸਮਾਰਟ ਸਿਟੀ ਦੇ ਅਸਲ ਮਾਇਨੇ ਲੋਕਾਂ ਸਾਹਮਣੇ ਆ ਸਕਦੇ ਹਨ... ਨਹੀਂ ਤਾਂ ਫਿਰ ''ਅੰਨ੍ਹੀ ਪੀਹਦੀ, ਕੁੱਤੇ ਚੱਟਦੇ'' ਵਾਲੀ ਕਹਾਵਤ ਹੀ ਢੁਕਦੀ ਹੈ....।