ਜਲੰਧਰ: ਵੇਈ ਦਾ ਪਾਣੀ ਦੂਸ਼ਿਤ ਹੋਣ ਦਾ ਮਾਮਲਾ ਕਾਫ਼ੀ ਸਮੇਂ ਤੋਂ ਕੋਰਟ ਵਿੱਚ ਚੱਲ ਰਿਹਾ ਸੀ ਜਿਸ ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਜਲੰਧਰ ਦੀਆਂ ਲੈਦਰ ਕੰਪਲੈਕਸ ਦੀਆਂ ਫ਼ੈਕਟਰੀਆਂ ਨੂੰ ਬੰਦ ਕਰਨ ਦੇ ਨਿਰਦੇਸ਼ ਦੇ ਦਿੱਤੇ ਸਨ। ਹਾਈ ਕੋਰਟ ਦੇ ਨਿਰਦੇਸ਼ ਦਾ ਪਾਲਨ ਕਰਦੇ ਹੋਏ ਬਿਜਲੀ ਵਿਭਾਗ ਨੇ ਲੈਦਰ ਕੰਪਲੈਕਸ ਦੀਆਂ 60 ਤੋਂ 70 ਫੈਕਟਰੀਆਂ ਦੇ ਇੱਕ ਨਵੰਬਰ ਤੋਂ ਬਿਜਲੀ ਕਨੈਕਸ਼ਨ ਕੱਟ ਦਿੱਤੇ ਹਨ ਅਤੇ ਉਨ੍ਹਾਂ ਦੇ ਜਰਨੇਟਰ ਤੱਕ ਵੀ ਸੀਲ ਕਰ ਦਿੱਤੇ ਗਏ।
ਇਨ੍ਹਾਂ ਫ਼ੈਕਟਰੀਆਂ ਨੂੰ ਬੰਦ ਹੋਏ ਅੱਜ 27 ਦਿਨ ਹੋ ਗਏ ਹਨ। ਜਿੱਥੇ, ਇੱਕ ਪਾਸੇ ਫ਼ੈਕਟਰੀਆਂ ਬੰਦ ਹੋਣ ਨਾਲ ਮਾਲਕ ਪ੍ਰੇਸ਼ਾਨ ਹਨ ਉੱਥੇ ਘੱਟੋ ਘੱਟ 6 ਹਜ਼ਾਰ ਮਜ਼ਦੂਰ ਵੀ ਬੇਰੁਜ਼ਗਾਰ ਹੋ ਗਏ ਹਨ। ਘਰ ਦਾ ਖ਼ਰਚ ਚੁੱਕਣਾ ਵੀ ਬਹੁਤ ਮੁਸ਼ਕਿਲ ਹੋ ਗਿਆ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲੋਂ ਨਾ ਬੱਚਿਆਂ ਦੀ ਫ਼ੀਸ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਘਰ ਦਾ ਕੋਈ ਕੰਮ ਕੀਤਾ ਜਾ ਰਿਹਾ ਹੈ। ਸਿਰਫ਼ ਇਹੀ ਨਹੀਂ ਉਨ੍ਹਾਂ ਦੇ ਪਰਿਵਾਰ ਵਾਲੇ ਵੀ ਬਹੁਤ ਪ੍ਰੇਸ਼ਾਨ ਹਨ।
ਮਜ਼ਦੂਰ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਮਾਲਕ ਨਾਲ ਗੱਲ ਕੀਤੀ ਹੈ ਕਿ ਇਸ ਦਾ ਜਲਦ ਤੋਂ ਜਲਦ ਕੋਈ ਹੱਲ ਕੱਢਿਆ ਜਾਵੇ ਨਹੀਂ ਤਾਂ ਉਨ੍ਹਾਂ ਨੂੰ ਮਜ਼ਬੂਰਨ ਕਿਸੇ ਹੋਰ ਥਾਂ ਕੰਮ 'ਤੇ ਜਾਣਾ ਪਵੇਗਾ ਜਿਸ ਨਾਲ ਉਨ੍ਹਾਂ ਦੇ ਘਰ ਦਾ ਖ਼ਰਚ ਸਹੀ ਢੰਗ ਨਾਲ ਚੱਲ ਸਕੇ।
ਇਹ ਵੀ ਪੜ੍ਹੋ:ਅੱਜ ਹੋਵੇਗੀ SGPC ਦੇ ਨਵੇਂ ਪ੍ਰਧਾਨ ਦੀ ਚੋਣ
ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਫ਼ੈਕਟਰੀਆਂ ਜਲਦ ਤੋਂ ਜਲਦ ਸ਼ੁਰੂ ਕਰ ਦਿੱਤੀਆਂ ਜਾਣ ਜਾਂ ਕੋਈ ਬਣਦਾ ਹੱਲ ਕੱਢਿਆ ਜਾਵੇ, ਕਿਉਂਕਿ ਉਨ੍ਹਾਂ ਨੇ ਪੜ੍ਹਾਈ ਵੀ ਇਸੇ ਕੰਮ ਦੀ ਕੀਤੀ ਹੈ ਅਤੇ ਸਾਰੀ ਜ਼ਿੰਦਗੀ ਇਹੀ ਕੰਮ ਕੀਤਾ ਹੈ।