ਜਲੰਧਰ: ਕਪੂਰਥਲਾ ਦੇ ਸਰਕਾਰੀ ਸਕੂਲ ਦੀ ਅਧਿਆਪਿਕਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਾਬਕਾ ਕਾਂਗਰਸੀ ਕੌਂਸਲਰ ਹਰਨੇਕ ਸਿੰਘ ਹਰੀ ’ਤੇ ਗੰਭੀਰ ਇਲਜਾਮ ਲਗਾਉਂਦਿਆਂ ਕਿਹਾ ਕਿ ਸਾਬਕਾ ਕਾਂਗਰਸੀ ਕੌਂਸਲਰ ਨੇ ਆਪਣੇ ਗੁੰਡੇ ਅਨਸਰਾਂ ਨਾਲ ਮਿਲ ਕੇ ਉਸ ਦੀ ਮਾਂ-ਧੀ ਨਾਲ ਬਦਸਲੂਕੀ ਕਰਕੇ ਉਨ੍ਹਾਂ ਦੇ ਘਰ ਦਾਖਲ ਹੋ ਕੇ ਉਨ੍ਹਾਂ ਦੇ ਘਰ ’ਤੇ ਕਬਜ਼ਾ ਕਰਨਾ ਚਾਹਿਆ ਹੈ।
ਘਰ ਦਾ ਸਮਾਨ ਬਾਹਰ ਸੁੱਟਿਆ : ਪੀੜਤਾ ਨੇ ਦੱਸਿਆ ਹੈ ਕਿ ਉਹ ਜਿਸ ਵੇਲੇ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਸੀ ਤਾਂ ਉਸਦੀ ਧੀ ਵੱਲੋਂ ਫੋਨ ਆਇਆ ਕਿ ਸਾਬਕਾ ਕੌਂਸਲਰ ਹਰਨੇਕ ਸਿੰਘ ਆਪਣੇ ਗੁੰਡਿਆਂ ਨਾਲ ਆ ਕੇ ਘਰ ਦਾ ਸਮਾਨ ਨੂੰ ਬਾਹਰ ਸੁੱਟ ਰਿਹਾ ਹੈ ਅਤੇ ਗਾਲੀ-ਗਲੋਚ ਵੀ ਕਰ ਰਿਹਾ ਹੈ। ਇਸ ਤੋਂ ਬਾਅਦ ਉਹ ਸਕੂਲ ਵਿੱਚੋਂ ਛੁੱਟੀ ਲੈ ਕੇ ਘਰ ਪਹੁੰਚੀ। ਅਧਿਆਪਿਕਾ ਜਸਵਿੰਦਰ ਕੌਰ ਨੇ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਘਰ ਦੇ ਤਾਲੇ ਤੋੜ ਕੇ ਨਕਦੀ ਤੇ ਸੋਨੇ ਦੇ ਗਹਿਣੇ ਤੇ ਜ਼ਰੂਰੀ ਦਸਤਾਵੇਜ਼ ਖੁਦ ਲੈ ਕੇ ਜਾ ਚੁੱਕਾ ਹੈ।
ਪੁਲਿਸ ਦੀ ਕਾਰਜਸ਼ੈਲੀ ਉੱਤੇ ਚੁੱਕੇ ਸਵਾਲ: ਦੂਜੇ ਪਾਸੇ ਇਸ ਮਾਮਲੇ ਸਬੰਧੀ ਥਾਣਾ ਸਿਟੀ ਕਪੂਰਥਲਾ ਦੇ ਪੁਲਿਸ ਮੁਖੀ ਅਤੇ ਜ਼ਿਲ੍ਹਾ ਕਪੂਰਥਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਕਾਰਜਸ਼ੈਲੀ 'ਤੇ ਵੀ ਕਈ ਸਵਾਲ ਖੜ੍ਹੇ ਹੋ ਗਏ ਹਨ। ਪੀੜਤਾ ਨੇ ਦੱਸਿਆ ਹੈ ਕਿ ਉਸਨੇ ਇਹ ਸੰਬੰਧੀ ਦੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਪਰ ਥਾਣਾ ਸਿਟੀ ਮੁਖੀ ਵੱਲੋਂ ਦੱਸਿਆ ਗਿਆ ਕਿ ਉਹ ਖੁਦ ਰਿਟਾਇਰਮੈਂਟ ਉੱਤੇ ਹੈ ਅਤੇ ਉਹ ਕੁਝ ਨਹੀਂ ਕਰ ਸਕਦੇ ਹਨ। ਪੁਲਿਸ ਪ੍ਰਸ਼ਾਸਨ ਵਲੋਂ ਇਨਸਾਫ ਨਾ ਮਿਲਣ ਦੀ ਸੂਰਤ ਵਿੱਚ ਪੀੜਤ ਮਹਿਲਾ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ। ਪੀੜਤ ਮਹਿਲਾ ਨੇ ਕਿਹਾ ਹੈ ਕਿ ਸਾਬਕਾ ਕਾਂਗਰਸੀ ਕੌਂਸਲਰ ਬਸ ਆਪਣਾ ਰੁਤਬਾ ਦਿਖਾ ਕੇ ਉਨ੍ਹਾਂ ਦੀ ਜਗ੍ਹਾ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਅਤੇ ਉਨ੍ਹਾਂ ਨੂੰ ਘਰੋਂ ਕੱਢਣਾ ਚਾਹੁੰਦਾ ਹੈ। ਪੀੜਿਤ ਅਧਿਆਪਿਕਾ ਨੇ ਦੱਸਿਆ ਹੈ ਕਿ ਇਸ ਦਾ ਕੋਟ ਕੇਸ ਵੀ ਚੱਲ ਰਿਹਾ ਹੈ, ਪਰ ਫਿਰ ਵੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਉਹ ਇਨਸਾਫ਼ ਦੀ ਮੰਗ ਕਰ ਰਹੀ ਹੈ।
ਇਹ ਵੀ ਪੜ੍ਹੋ: Expectations From Punjab Budget: ਬਜਟ ਤੋਂ ਉਮੀਦਾਂ, ਹਜ਼ਾਰ ਰੁਪਏ ਦੇ ਨਾਲ-ਨਾਲ ਪੜ੍ਹੋ ਕੀ ਮੰਗ ਕਰ ਰਹੀਆਂ ਨੇ ਘਰੇਲੂ ਤੇ ਨੌਕਰੀਪੇਸ਼ਾ ਬੀਬੀਆਂ
ਸਾਬਕਾ ਕੌਂਸਲਰ ਨੇ ਨਕਾਰੇ ਦੋਸ਼ : ਦੂਜੇ ਪਾਸੇ ਪੀੜਤ ਔਰਤ ਵੱਲੋਂ ਲਗਾਏ ਗਏ ਗੰਭੀਰ ਇਲਜ਼ਾਮਾਂ ਸਬੰਧੀ ਜਦੋਂ ਸਾਡੀ ਟੀਮ ਨੇ ਸਾਬਕਾ ਕਾਂਗਰਸੀ ਕੌਂਸਲਰ ਹਰਨੇਕ ਸਿੰਘ ਦੇ ਨਾਲ ਸੰਪਰਕ ਕੀਤਾ ਤਾਂ ਸਾਬਕਾ ਕਾਂਗਰਸੀ ਕੌਂਸਲਰ ਹਰਨੇਕ ਸਿੰਘ ਹਰੀ ਨੇ ਸਾਰੇ ਇਲ਼ਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਕਤ ਔਰਤ ਜਿਸ ਘਰ ਵਿੱਚ ਰਹਿੰਦੀ ਹੈ। ਉਹ ਵਿਦੇਸ਼ ਵਿੱਚ ਰਹਿੰਦੇ ਸਾਡੇ ਰਿਸ਼ਤੇਦਾਰ ਦਾ ਹੈ | ਉਹਨਾਂ ਨੇ ਕਿਹਾ ਹੈ ਕਿ ਇਸ ਘਰ ਦੀ ਪਾਵਰ ਓਫ ਅਟਾਰਨੀ ਉਨ੍ਹਾਂ ਦੇ ਕੋਲ ਹੈ। ਫਿਲਹਾਲ ਇਸ ਸੰਬੰਧੀ ਜਦੋਂ ਮੀਡੀਆ ਨੇ ਪੁਲਿਸ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਪੁਲਿਸ ਵੱਲੋਂ ਮੀਡੀਆ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ।