ਜਲੰਧਰ: ਸੂਬੇ ਵਿੱਚ ਨਸ਼ੇ ਦਾ ਕਾਰੋਬਾਰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਪੰਜਾਬ ਪੁਲਿਸ ਵੱਲੋਂ ਨਸ਼ੇ ਨੂੰ ਖ਼ਤਮ ਕਰਨ ਲਈ ਵੱਡੀ ਮੁਹਿੰਮ ਵਿੱਢੀ ਗਈ ਹੈ। ਇਸਦੇ ਚੱਲਦੇ ਹੀ ਜਲੰਧਰ ਵਿੱਚ ਨਸ਼ੇ ਨੂੰ ਪੁਲਿਸ ਹੱਥ ਵੱਡੀ ਸਫ਼ਲਤਾ ਲੱਗੀ ਹੈ। ਪੁਲਿਸ ਵੱਲੋਂ ਨਸ਼ੇ ਦੇ ਵਪਾਰੀਆਂ ਖਿਲਾਫ਼ ਆਪਣੀ ਕਾਰਵਾਈ ਨੂੰ ਤੇਜ਼ ਕਰਦੇ ਹੋਏ ਇੱਕ ਨੌਜਵਾਨ ਨੂੰ 120 ਗ੍ਰਾਮ ਹੈਰੋਇਨ ਅਤੇ ਇੱਕ ਸਵਿਫਟ ਕਾਰ ਸਮੇਤ ਗ੍ਰਿਫ਼ਤਾਰ ਕੀਤਾ (Jalandhar police arrest accused with heroin) ਹੈ। ਪੁਲਿਸ ਨੇ ਮੁਲਜ਼ਮ ਨੂੰ ਜਲੰਧਰ ਦੇ ਲੱਧੇਵਾਲੀ ਫਾਟਕ ਨੇੜੇ ਨਾਕੇ ਦੌਰਾਨ ਗ੍ਰਿਫ਼ਤਾਰ ਕੀਤਾ ਹੈ।
ਇਸ ਬਾਰੇ ਦੱਸਦੇ ਹੋਏ ਏਸੀਪੀ ਇਨਵੈਸਟੀਗੇਸ਼ਨ ਨਿਰਮਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੋਈ ਵਿਅਕਤੀ ਜਿਸ ਕੋਲ ਨਸ਼ੀਲਾ ਪਦਾਰਥ ਹੈ ਉਹ ਆਪਣੀ ਸਵਿਫਟ ਗੱਡੀ ਵਿਚ ਬੈਠ ਕੇ ਲੱਧੇਵਾਲੀ ਫਾਟਕ ਵੱਲ ਆ ਰਿਹਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਸੂਚਨਾ ਮਿਲਣ ਤੋਂ ਪੁਲਿਸ ਨੇ ਮੌਕੇ ’ਤੇ ਨਾਕਾ ਲਗਾ ਕੇ ਅੰਮ੍ਰਿਤਸਰ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਨਾਮਕ ਇੱਕ ਵਿਅਕਤੀ ਨੂੰ ਰੋਕਿਆ ਅਤੇ ਉਸ ਦੀ ਤਲਾਸ਼ੀ ਲੈਣ ਤੋਂ ਬਾਅਦ ਉਸ ਕੋਲੋਂ 120 ਗ੍ਰਾਮ ਹੈਰੋਇਨ ਬਰਾਮਦ ਹੋਈ।
ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਫਿਲਹਾਲ ਅੰਮ੍ਰਿਤਪਾਲ ਸਿੰਘ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਜਾਵੇਗਾ ਜਿਸ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾਏਗੀ ਕਿ ਆਖਿਰ ਉਹ ਇਹ ਹੈਰੋਇਨ ਕਿੱਥੋਂ ਲੈ ਕੇ ਆਇਆ ਸੀ ਅਤੇ ਅੱਗੇ ਕਿਸ ਤੱਕ ਸਪਲਾਈ ਪਹੁੰਚਾਉਣੀ ਸੀ।
ਇਹ ਵੀ ਪੜ੍ਹੋ: ਸਹਿਕਾਰੀ ਸੁਸਾਇਟੀ ’ਚ ਕਰੋੜਾਂ ਦੀ ਘਪਲੇਬਾਜ਼ੀ !